ਚੰਡੀਗੜ੍ਹ- ਪੰਜਾਬ ਵਿੱਚ ਨਕਲੀ ਦੁੱਧ ਅਤੇ ਪਨੀਰ ਦੀ ਵਿੱਕਰੀ ਵਿਰੁੱਧ ਚਲਾਈ ਮੁਹਿੰਮ ਦਾ ਸਭ ਤੋਂ ਵੱਧ ਫਾਇਦਾ ਮਿਲਕਫੈੱਡ ਅਤੇ ਸੂਬੇ ਦੇ ਦੁੱਧ ਉਤਪਾਦਕ ਕਿਸਾਨਾਂ ਨੂੰ ਹੋਇਆ ਹੈ। ਇਸ ਨਾਲ ਮਿਲਕਫੈੱਡ ਦੇ ਪਨੀਰ ਦੀ ਵਿਕਰੀ 15 ਤੋਂ 20 ਫੀਸਦੀ ਵਧ ਗਈ ਹੈ। ਲੋਕ ਦੁੱਧ ਤੋਂ ਬਣੀਆਂ ਨਕਲੀ ਵਸਤਾਂ ਖ਼ਰੀਦਣ ਵਿਰੁੱਧ ਜਾਗਰੂਕ ਹੋ ਗਏ ਹਨ।
ਪੰਜਾਬ ਸਰਕਾਰ ਤੇ ਖਾਸ ਕਰਕੇ ਸਿਹਤ ਵਿਭਾਗ ਨੇ ਸੂਬੇ ਵਿੱਚ ਨਕਲੀ ਦੁੱਧ, ਪਨੀਰ, ਘਿਓ ਦੀ ਵਿਕਰੀ ਰੋਕਣ ਲਈ ਪਿਛਲੇ ਦਿਨੀਂ ‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਵਿਸ਼ੇਸ਼ ਮੁਹਿੰਮ ਚਲਾਈ ਸੀ, ਤਾਂ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਸੌਦਾਗਰਾਂ ਦਾ ਪਰਦਾਫਾਸ਼ ਕੀਤਾ ਜਾ ਸਕੇ।
ਇਸ ਮੁਹਿੰਮ ਦੌਰਾਨ ਦੁੱਧ ਤੋਂ ਤਿਆਰ ਕੀਤੇ ਨਕਲੀ ਖਾਧ ਪਦਾਰਥ ਫੜੇ ਗਏ ਸਨ। ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਕਲੀ ਦੁੱਧ ਤੋਂ ਬਣੇ ਖਾਧ ਪਦਾਰਥਾਂ ਵਿਰੁੱਧ ਚਲਾਈ ਮੁਹਿੰਮ ਦਾ ਮਿਲਕਫੈੱਡ ਅਤੇ ਸੂਬੇ ਦੇ ਕਿਸਾਨਾਂ ਨੂੰ ਕਾਫੀ ਫਾਇਦਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਦੁੱਧ ਦੀ ਵਿਕਰੀ ਦੇ ਵਾਧੇ ਦੇ ਮੁਲਾਂਕਣ ਵਿੱਚ ਅਜੇ ਕੁਝ ਦਿਨ ਹੋਰ ਲੱਗਣਗੇ ਪਰ ਪਨੀਰ ਦੀ ਖ਼ਪਤ ਵਿੱਚ ਪੰਦਰਾਂ ਤੋਂ ਫੀਹ ਫੀਸਦੀ ਵਾਧਾ ਹੋ ਗਿਆ ਹੈ। ਉਂਜ ਪਨੀਰ ਨੂੰ ਪੈਕਟਾਂ ਵਿੱਚ ਬੰਦ ਕੀਤੇ ਬਗੈਰ ਵੇਚਿਆ ਨਹੀਂ ਜਾ ਸਕਦਾ ਤੇ ਪੈਕਟਾਂ ਵਿੱਚ ਵੇਚਣ ਲਈ ਲਾਇਸੈਂਸ ਲੈਣਾ ਲਾਜ਼ਮੀ ਹੈ। ਇਸ ਲਈ ਨਕਲੀ ਪਨੀਰ ਵੇਚਣ ਵਾਲੇ ਵੀ ਸੁਚੇਤ ਹੋ ਗਏ ਹਨ, ਕਿਉਂਕਿ ਉਨ੍ਹਾਂ ਨੂੰ ਛਾਪਾ ਮਾਰ ਮੁਹਿੰਮ ਦਾ ਸੇਕ ਪਹੁੰਚਣ ਦਾ ਖ਼ਤਰਾ ਹੈ। ਇਸ ਕਰਕੇ ਪਨੀਰ ਦਾ ਥੋਕ ਵਿੱਚ ਧੰਦਾ ਕਰਨ ਵਾਲੇ ਵਪਾਰੀ ਵੀ ਮਿਲਕਫੈੱਡ ਕੋਲੋਂ ਪਨੀਰ ਲੈਣ ਲਈ ਅੱਗੇ ਆਏ ਹਨ। ਪਨੀਰ ਦੀ ਵਿਕਰੀ ਵਧਣ ਨਾਲ ਮਿਲਕਫੈੱਡ ਨੇ ਕਿਸਾਨਾਂ ਦੇ ਪਿਛਲੇ ਬਕਾਏ ਅਦਾ ਕਰ ਦਿੱਤੇ ਹਨ ਤੇ ਹੁਣ ਕੇਵਲ ਇੱਕ ਮਹੀਨੇ ਤੋਂ ਘੱਟ ਦੇ ਬਕਾਏ ਰਹਿ ਗਏ ਹਨ ਤੇ ਇਹ ਬਕਾਏ ਵੀ ਅਗਲੇ ਕੁਝ ਦਿਨਾਂ ਵਿੱਚ ਦੇ ਦਿੱਤੇ ਜਾਣਗੇ। ਇਸ ਛਾਪੇਮਾਰੀ ਨਾਲ ਜਿਥੇ ਦੁੱਧ ਦਾ ਸਹਾਇਕ ਧੰਦਾ ਕਰਨ ਵਾਲੇ ਕਿਸਾਨਾਂ ਨੂੰ ਰਾਹਤ ਮਿਲੀ ਹੈ, ਉੱਥੇ ਦੁੱਧ ਦੀਆਂ ਕੀਮਤਾਂ ਹੋਰ ਘੱਟਣ ਦੇ ਆਸਾਰ ਮੱਧਮ ਪੈ ਗਏ ਹਨ।
ਜੀਐੱਸਟੀ ਵਧਣ ਕਾਰਨ ਘਟੀ ਸੀ ਮਾਰਕਫੈੱਡ ਦੀ ਕਮਾਈ
ਕੇਂਦਰ ਸਰਕਾਰ ਵੱਲੋਂ ਦੁੱਧ ਤੋਂ ਤਿਆਰ ਵਸਤਾਂ ’ਤੇ ਜੀਐੱਸਟੀ 5 ਫੀਸਦੀ ਤੋਂ ਵਧਾ ਕੇ 12 ਫੀਸਦੀ ਕਰ ਦਿੱਤਾ ਗਿਆ ਸੀ। ਇਸ ਕਰ ਕੇ ਲੋਕਾਂ ਨੇ ਮਾਰਕਫੈੱਡ ਕੋਲੋਂ ਮੱਖਣ ਅਤੇ ਘਿਓ ਖਰੀਦਣਾ ਘਟਾ ਦਿੱਤਾ ਸੀ। ਇਸ ਦੇ ਮੁਕਾਬਲੇ ਰਿਫਾਈਂਡ ਸਸਤਾ ਹੋਣ ਉਨ੍ਹਾਂ ਨੇ ਰਿਫਾਈਂਡ ਵੱਧ ਖਾਣਾ ਸ਼ੁਰੂ ਕਰ ਦਿੱਤਾ। ਦੂਜਾ ਕੌਮਾਂਤਰੀ ਮਾਰਕੀਟ ਵਿੱਚ ਦੁੱਧ ਦੀਆਂ ਕੀਮਤਾਂ ਕਾਫੀ ਘਟ ਗਈਆਂ ਸਨ। ਇਸ ਕਰਕੇ ਮਾਰਕਫੈੱਡ ਕੋਲ ਗਿਆਰਾਂ ਹਜ਼ਾਰ ਮੀਟ੍ਰਿਕ ਟਨ ਘਿਓ ਅਤੇ ਗਿਆਰਾਂ ਹਜ਼ਾਰ ਮੀਟ੍ਰਿਕ ਟਨ ਚਿੱਟੇ ਮੱਖਣ ਦਾ ਭੰਡਾਰ ਹੋ ਗਿਆ ਹੈ। ਇਸ ਲਈ ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਸਹਾਇਕ ਧੰਦੇ ਨੂੰ ਬਚਾਉਣ ਲਈ ਕੇਂਦਰ ਸਰਕਾਰ ਕੋਲੋਂ ਦੁੱਧ ਦੀਆਂ ਵਸਤਾਂ ’ਤੇ ਜੀਐੱਸਟੀ ਘਟਾਉਣ ਲਈ ਦਬਾਅ ਬਣਾਉਣਾ ਪਵੇਗਾ।