ਲੁਧਿਆਣਾ, 11 ਦਸੰਬਰ
ਸਨਅਤੀ ਸ਼ਹਿਰ ਵਿੱਚ ਇੱਕ ਨਿੱਜੀ ਸਮਾਗਮ ਵਿੱਚ ਹਿੱਸਾ ਲੈਣ ਪੁੱਜੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਤਿੰਨ ਸ਼ਹਿਰਾਂ ਵਿੱਚ ਹੋ ਰਹੀਆਂ ਨਗਰ ਨਿਗਮ ਚੋਣਾਂ ਤੇ ਨਗਰ ਕੌਂਸਲ ਚੋਣਾਂ ਦੇ ਪ੍ਰਚਾਰ ਲਈ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਇਹ ਚੋਣਾਂ ਨਹੀਂ, ਬਲਕਿ ਕਾਂਗਰਸ ਸਰਕਾਰ ਦੀ ਗੁੰਡਾਗਰਦੀ ਹੈ, ਜਿਸ ਵਿੱਚ ਹਰ ਵਿਅਕਤੀ ਨੂੰ ਦਬਾਇਆ ਜਾ ਰਿਹਾ ਹੈ।
ਸ੍ਰੀ ਬਾਦਲ ਨੇ ਦੋਸ਼ ਲਾਇਆ ਕਿ ਕਾਂਗਰਸ ਅਧਿਕਾਰੀਆਂ ਦੇ ਦਮ ’ਤੇ ਚੋਣ ਜਿੱਤਣਾ ਚਾਹੁੰਦੀ ਹੈ। ਉਹ ਕਿਹਾ ਕਿ ਇਹ ਪਹਿਲੀ ਸਟੇਜ ਹੈ, ਜਿੱਥੇ ਬੇਨਿਯਮੀਆਂ ਹੋ ਰਹੀਆਂ ਹਨ ਤੇ ਪਤਾ ਨਹੀਂ ਕਾਂਗਰਸ ਸਰਕਾਰ ਅਜੇ ਕਿੰਨੀ ਧੱਕੇਸ਼ਾਹੀ ਕਰੇਗੀ। ਸਾਬਕਾ ਮੁੱਖ ਮੰਤਰੀ ਕਾਲਜ ਰੋਡ ’ਤੇ ਇਕ ਨਿੱਜੀ ਸਮਾਗਮ ਵਿੱਚ ਹਿੱਸਾ ਲੈਣ ਲਈ ਪੁੱਜੇ ਸਨ। ਸ੍ਰੀ ਬਾਦਲ ਨੇ ਕਿਹਾ ਕਿ ਚੋਣਾਂ ਵਿੱਚ ਕਈ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕਰਨ ਦਿੱਤੇ ਗਏ। ਸੂਬਾ ਸਰਕਾਰ ਨੇ ਆਪਣੇ ਚੋਣਵੇਂ ਅਧਿਕਾਰੀ ਆਰ.ਓ. ਬਣਾ ਕੇ ਬਿਠਾਏ ਹੋਏ ਹਨ, ਜੋ ਜਿਸ ਨੂੰ ਮਰਜ਼ੀ ਜਿਤਾ ਦੇਣ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਸਹੀ ਤਰੀਕੇ ਨਾਲ ਚੋਣ ਨਹੀਂ ਹੋਣ ਦੇਵੇਗੀ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਪੰਜਾਬ ਦੀ ਕਾਂਗਰਸ ਸਰਕਾਰ ਇਹ ਸੋਚਦੀ ਹੈ ਕਿ ਅਕਾਲੀ ਵਰਕਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਦਬਾ ਲਿਆ ਜਾਵੇਗਾ ਤਾਂ ਇਹ ਨਹੀਂ ਹੋ ਸਕਦਾ। ਅਕਾਲੀ ਦਲ ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਦਰਜ ਹੋਏ ਮਾਮਲਿਆਂ ਤੋਂ ਨਹੀਂ ਡਰੇ ਤਾਂ ਹੁਣ ਕੀ ਡਰਨਗੇ। ਕਾਂਗਰਸ ਚਾਹੇ ਜਿੰਨੇ ਮਰਜ਼ੀ ਅਕਾਲੀ ਵਰਕਰਾਂ ਨੂੰ ਜੇਲ੍ਹ ਡੱਕ ਦੇਵੇ, ਪਰ ਅਕਾਲੀ ਵਰਕਰ ਨਹੀਂ ਡਰਨਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੁਣ ਹਰ ਪਿੰਡ ਵਿੱਚ 10-10 ਵਾਲੰਟੀਅਰਾਂ ਦੀ ਟੀਮ ਬਣਾਉਣ ਜਾ ਰਿਹਾ ਹੈ, ਜੋ ਕਿਸੇ ਵੀ ਤਰੀਕੇ ਨਾਲ ਹੋ ਰਹੀ ਧੱਕੇਸ਼ਾਹੀ ਖ਼ਿਲਾਫ਼ ਆਵਾਜ਼ ਉਠਾਉਣਗੇ।