ਜੈਤੋ, ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਧੁੰਮਾ ਅੱਜ ਬਰਗਾੜੀ ਮੋਰਚੇ ਵਾਲੀ ਥਾਂ ਪੁੱਜੇ ਹਨ। ਉਨ੍ਹਾਂ ਧਰਨੇ ’ਤੇ ਬੈਠੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਚੁੱਕੇ ਕਦਮ ਦੀ ਹਮਾਇਤ ਦਾ ਐਲਾਨ ਕੀਤਾ। ਉਨ੍ਹਾਂ ਸੰਘਰਸ਼ ਨਾਲ ਜੁੜੇ ਮੁੱਦਿਆਂ ਨੂੰ ਕੌਮੀ ਮਸਲਾ ਕਰਾਰ ਦਿੰਦਿਆਂ ਇਕਜੁੱਟਤਾ ਨਾਲ ਅੰਦੋਲਨ ਕਰਨ ਦੀ ਅਪੀਲ ਕੀਤੀ।
ਭਾਈ ਧੁੰਮਾ ਨੇ ਆਪਣੇ ਸੰਖੇਪ ਸੰਬੋਧਨ ਵਿੱਚ ਭਾਈ ਮੰਡ ਨੂੰ ਸਮਰਥਨ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਮਸਲਾ ਗੁਰੂ ਗ੍ਰੰਥ ਸਾਹਿਬ ਦੇ ਅਦਬ-ਸਤਿਕਾਰ ਦਾ ਹੈ ਅਤੇ ਇਸ ਮੁੱਦੇ ’ਤੇ ਵਿਸ਼ਵ ਭਰ ਦੇ ਲੋਕਾਂ ਨੂੰ ਮਤਭੇਦ ਭੁਲਾ ਕੇ ਤਨ, ਮਨ ਅਤੇ ਧਨ ਨਾਲ ਯੋਗਦਾਨ ਪਾ ਕੇ ਸੰਘਰਸ਼ ਨੂੰ ਕਾਮਯਾਬ ਕਰਨਾ ਚਾਹੀਦਾ ਹੈ। ਉਨ੍ਹਾਂ ਸਰਕਾਰ ਨੂੰ ਮਸਲੇ ਦੇ ਹੱਲ ਲਈ ਕਦਮ ਚੁੱਕਣ ਦੀ ਅਪੀਲ ਕਰਦਿਆਂ ਚਿਤਾਵਨੀ ਦਿੱਤੀ ਕਿ ਕਿਧਰੇ ਅਜਿਹਾ ਨਾ ਹੋਵੇ ਕਿ ਮਸਲਾ ਏਨਾ ਗੰਭੀਰ ਹੋ ਜਾਵੇ ਕਿ ਗੱਲ ਸਰਕਾਰ ਦੇ ਵੱਸ ਵਿੱਚ ਹੀ ਨਾ ਰਹੇ। ਟਕਸਾਲ ਮੁਖੀ ਨੇ ਕਿਸੇ ਦਾ ਨਾਂ ਲਏ ਬਿਨਾਂ ‘ਵਿਰੋਧੀਆਂ’ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ ਕਿ ਪਿਛੋਕੜ ਵਿੱਚ ਜਿਹੜੇ ਲੋਕਾਂ ਕੋਲ ਸੰਘਰਸ਼ ਦੀ ਅਗਵਾਈ ਸੀ, ਉਹ ਦੁਬਿਧਾ ਦਾ ਸ਼ਿਕਾਰ ਸਨ ਅਤੇ ਉਹ ਸਾਰਿਆਂ ਨੂੰ ਨਾਲ ਲੈ ਕੇ ਨਹੀਂ ਚੱਲਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਬੀਤੇ ਤੋਂ ਸਬਕ ਲਿਆ ਜਾਵੇ ਅਤੇ ਪੁਰਾਣੀਆਂ ਗਲਤੀਆਂ ਨਾ ਦੁਹਰਾਈਆਂ ਜਾਣ। ਇਸ ਮੌਕੇ ਭਾਈ ਧੁੰਮਾ ਨਾਲ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਵੀ ਮੌਜੂਦ ਸਨ। ਇਸ ਮੌਕੇ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਦਲ ਖਾਲਸਾ ਦੇ ਹਰਪਾਲ ਸਿੰਘ ਚੀਮਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸੁਖਜੀਤ ਸਿੰਘ ਖੋਸਾ, ਜਸਬੀਰ ਸਿੰਘ ਖਡੂਰ ਸਾਹਿਬ, ਜਸਵਿੰਦਰ ਸਿੰਘ ਸਾਹੋ ਕੇ, ਰਣਜੀਤ ਸਿੰਘ ਵਾਂਦਰ, ਸੁਖਪਾਲ ਸਿੰਘ ਬਰਗਾੜੀ ਆਦਿ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।