ਉੱਤਰ ਪ੍ਰਦੇਸ਼ : ਮਥੁਰਾ ਵਿੱਚ ਯਮੁਨਾ ਐਕਸਪ੍ਰੈਸਵੇਅ ‘ਤੇ ਧੁੰਦ ਕਾਰਨ ਸੱਤ ਬੱਸਾਂ ਅਤੇ ਤਿੰਨ ਕਾਰਾਂ ਆਪਸ ਵਿੱਚ ਟਕਰਾ ਗਈਆਂ। ਟੱਕਰ ਤੋਂ ਬਾਅਦ ਵਾਹਨਾਂ ਨੂੰ ਅੱਗ ਲੱਗ ਗਈ, ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ। ਦੱਸ ਦਈਏ ਹੁਣ ਤੱਕ ਇਸ ਹਾਦਸੇ ਵਿੱਚ 66 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਮੈਜਿਸਟ੍ਰੇਟ (ਡੀਐਮ) ਅਤੇ ਪੁਲਿਸ ਸੁਪਰਡੈਂਟ (ਐਸਪੀ) ਸਮੇਤ ਕਈ ਵੱਡੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਅਤੇ ਬਚਾਅ ਕਾਰਜ ਸ਼ੁਰੂ ਕੀਤੇ। ਪੁਲਿਸ, ਫਾਇਰ ਬ੍ਰਿਗੇਡ ਅਤੇ ਐਸਡੀਆਰਐਫ ਦੇ ਕਰਮਚਾਰੀ ਅੱਗ ਬੁਝਾਉਣ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਜੁਟ ਗਏ।

ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟਰੇਟ ਚੰਦਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਬਲਦੇਵ ਥਾਣਾ ਖੇਤਰ ਦੇ ਮਾਈਲ ਸਟੋਨ 127 ‘ਤੇ ਵਾਪਰਿਆ। ਪੁਲਿਸ, ਫਾਇਰ ਬ੍ਰਿਗੇਡ ਅਤੇ ਐਸਡੀਆਰਐਫ ਦੀਆਂ ਟੀਮਾਂ ਨੇ ਛੇ ਘੰਟਿਆਂ ਦੇ ਅੰਦਰ ਬਚਾਅ ਕਾਰਜ ਪੂਰਾ ਕੀਤਾ। ਹਾਦਸੇ ਤੋਂ ਬਾਅਦ ਹਾਈਵੇਅ ‘ਤੇ ਲੰਮਾ ਟ੍ਰੈਫਿਕ ਜਾਮ ਲੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਐਕਸਪ੍ਰੈਸਵੇਅ ‘ਤੇ ਸੰਘਣੀ ਧੁੰਦ ਸੀ। ਅਚਾਨਕ ਇੱਕ ਬੱਸ ਦੀ ਰਫ਼ਤਾਰ ਹੌਲੀ ਹੋ ਗਈ, ਜਿਸ ਕਾਰਨ ਕਈ ਵਾਹਨ ਇੱਕ ਦੂਜੇ ਨਾਲ ਟਕਰਾ ਗਏ।

ਅੱਗ ਲੱਗਣ ਨਾਲ ਬੱਸਾਂ ਪੂਰੀ ਤਰ੍ਹਾਂ ਸੜ ਗਈਆਂ। ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਹਨ ਆਪਸ ਵਿੱਚ ਟਕਰਾ ਗਏ, ਇੰਝ ਲੱਗਿਆ ਜਿਵੇ ਗੋਲੀਆਂ ਚੱਲ ਗਈਆਂ ਹਨ। ਕਈ ਜ਼ੋਰਦਾਰ ਧਮਾਕੇ ਵੀ ਹੋਏ। ਪੂਰਾ ਪਿੰਡ ਘਟਨਾ ਸਥਾਨ ਵੱਲ ਦੌੜਿਆ। ਸਾਰਿਆਂ ਨੇ ਤੁਰੰਤ ਮਦਦ ਦੀ ਪੇਸ਼ਕਸ਼ ਕੀਤੀ।

ਡੀਐਮ ਨੇ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ਦਾ ਨੋਟਿਸ ਲਿਆ ਹੈ। ਉਨ੍ਹਾਂ ਨੇ ਸਾਨੂੰ ਅਤੇ ਐਸਐਸਪੀ ਨੂੰ ਜ਼ਖਮੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਆਦੇਸ਼ ਦਿੱਤੇ ਹਨ। ਮੁੱਖ ਮੰਤਰੀ ਯੋਗੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ।