ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿਚ ਸ਼ੁਕਰਵਾਰ ਨੂੰ ਇਕ ਧਾਰਮਕ ਸਮਾਗਮ ਵਿਚ ਮੁਫ਼ਤ ਭੋਜਨ ਖਾਣ ਲਈ ਭਾਰੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਭਾਜੜ ਮੱਚ ਗਈ ਅਤੇ ਘੱਟੋ-ਘੱਟ ਤਿੰਨ ਔਰਤਾਂ ਦੀ ਮੌਤ ਹੋ ਗਈ। ਪੰਜ ਬੱਚੇ ਵੀ ਗੰਭੀਰ ਜ਼ਖ਼ਮੀ ਹੋ ਗਏ। ਉਮਯਾਦ ਮਸਜਿਦ ਵਿਚ ਗ਼ਰੀਬਾਂ ਨੂੰ ਮੁਫ਼ਤ ਭੋਜਨ ਦੇਣ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ।

ਸੀਰੀਆਈ ਨਾਗਰਿਕ ਸੁਰੱਖਿਆ ਅਨੁਸਾਰ ਇਹ ਘਟਨਾ ਇਕ ਮਸ਼ਹੂਰ ਸ਼ੈੱਫ ਅਬੂ ਉਮਰੀ ਅਲ-ਦਿਮਾਸ਼ਕੀ ਦੁਆਰਾ ਪ੍ਰਮੋਟ ਕੀਤੀ ਇਕ ਦਾਵਤ ਦੌਰਾਨ ਵਾਪਰੀ। ਉਸਨੇ ਦਮਿਸ਼ਕ ਦੇ ਪੁਰਾਣੇ ਸ਼ਹਿਰ ਵਿਚ ਇਤਿਹਾਸਕ ਮਸਜਿਦ ਦੇ ਵਿਹੜੇ ਵਿਚ ਜਨਤਾ ਨੂੰ ਮੁਫ਼ਤ ਭੋਜਨ ਲਈ ਸੱਦਾ ਦਿਤਾ।

ਸਥਾਨਕ ਸਰੋਤਾਂ ਅਤੇ ਚਸ਼ਮਦੀਦਾਂ ਨੇ ਦਸਿਆ ਕਿ ਭੀੜ ਨੂੰ ਕੰਟਰੋਲ ਕਰਨ ਦੇ ਉਪਾਵਾਂ ਦੀ ਸਪੱਸ਼ਟ ਕਮੀ ਦੇ ਵਿਚਕਾਰ, ਮਸਜਿਦ ਦੇ ਵਿਹੜੇ ਅਤੇ ਆਸ ਪਾਸ ਦੇ ਖੇਤਰਾਂ ’ਚ ਇਕ ਵੱਡੀ ਭੀੜ ਇਕੱਠੀ ਹੋ ਗਈ, ਜਿਸ ਨਾਲ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ। ਉਨ੍ਹਾਂ ਕਿਹਾ ਕਿ ਸੁਰੱਖਿਆ ਕਰਮਚਾਰੀ ਮੌਕੇ ’ਤੇ ਪੁੱਜੇ ਅਤੇ ਲੋਕਾਂ ਦੀ ਭੀੜ ਨੂੰ ਕਾਬੂ ਕਰਨ ਲਈ ਸੜਕਾਂ ਨੂੰ ਬੰਦ ਕਰ ਦਿਤਾ।