ਸੰਗਰੂਰ, ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਭਾਜਪਾ ਵਿਰੋਧੀ ਧਰਮ ਨਿਰਪੱਖ ਪਾਰਟੀਆਂ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ। ਜੇਕਰ ਸਾਲ 2019 ਦੀਆਂ ਲੋਕ ਸਭਾ ਚੋਣਾਂ ਮੌਕੇ ਭਾਜਪਾ ਵਿਰੋਧੀ ਸਿਆਸੀ ਪਾਰਟੀਆਂ ਦਾ ਮਹਾਂ ਗੱਠਜੋੜ ਹੁੰਦਾ ਹੈ ਤਾਂ ਇਹ ਦੇਸ਼ ਦੇ ਹਿੱਤ ਵਿੱਚ ਹੋਵੇਗਾ। ਸ੍ਰੀ ਮਾਨ ਇੱਥੇ ਆਪਣੇ ਦਫ਼ਤਰ ਵਿੱਚ ਮੀਡੀਆ ਵੱਲੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਗੱਠਜੋੜ ਹੋਣ ਦੀ ਚੱਲ ਰਹੀ ਚਰਚਾ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ। ਸ੍ਰੀ ਮਾਨ ਨੇ ਕਿਹਾ ਕਿ ਫਿਲਹਾਲ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹ ਫੈਸਲਾ ਲੀਡਰਸ਼ਿਪ ਵੱਲੋਂ ਹੀ ਲਿਆ ਜਾਣਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਧਰਮ ਦੇ ਨਾਮ ’ਤੇ ਵੰਡੀਆਂ ਪਾਈਆਂ ਜਾ ਰਹੀਆਂ ਹਨ ਅਤੇ ਹਰ ਪਾਸੇ ਫਿਰਕਾਪ੍ਰਸਤੀ ਦਾ ਬੋਲਬਾਲਾ ਹੈ। ਇਸ ਲਈ ਧਰਮ ਨਿਰਪੱਖ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਅਤੇ ਅਜਿਹਾ ਗੱਠਜੋੜ ਦੇਸ਼ ਦੇ ਹਿੱਤ ਵਿੱਚ ਹੋਵੇਗਾ।
ਸ੍ਰੀ ਮਾਨ ਨੇ ਬਠਿੰਡਾ ਸੰਸਦੀ ਹਲਕੇ ਤੋਂ ਚੋਣ ਲੜਨ ਦੀਆਂ ਕਿਆਸਰਾਈਆਂ ਨੂੰ ਸਿਰੇ ਤੋਂ ਨਕਾਰਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਆਗਾਮੀ ਲੋਕ ਸਭਾ ਚੋਣ ਸੰਗਰੂਰ ਹਲਕੇ ਤੋਂ ਹੀ ਲੜਨਗੇ ਕਿਉਂਕਿ ਇਹ ਉਨ੍ਹਾਂ ਦੀ ਜਨਮ ਭੂਮੀ ਅਤੇ ਕਰਮ ਭੂਮੀ ਹੈ। ਇਸ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਬੇਹੱਦ ਪਿਆਰ ਦਿੱਤਾ ਹੈ, ਜਿਸ ਕਰਕੇ ਹਲਕਾ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਉਹੀ ਆਗੂ ਹਲਕਾ ਛੱਡ ਕੇ ਭੱਜਦੇ ਹਨ, ਜਿਹੜੇ ਡਰਦੇ ਹੋਣ।
ਸ਼ਾਹਕੋਟ ਜ਼ਿਮਨੀ ਚੋਣ ਵਿੱਚ ਹੋਈ ਹਾਰ ਬਾਰੇ ਸ੍ਰੀ ਮਾਨ ਨੇ ਕਿਹਾ ਕਿ ਲੋਕਾਂ ਦਾ ਫਤਵਾ ਉਹ ਸਿਰ-ਮੱਥੇ ਪ੍ਰਵਾਨ ਕਰਦੇ ਹਨ। ਰਾਜਨੀਤੀ ਵਿੱਚ ਅਜਿਹਾ ਕੁਝ ਚੱਲਦਾ ਰਹਿੰਦਾ ਹੈ। ਉਨ੍ਹਾਂ ਪਾਰਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਫੁੱਟ ਨੂੰ ਨਕਾਰਦਿਆਂ ਕਿਹਾ ਕਿ ਪਾਰਟੀ ਦੀ ਟੀਮ ਵਿੱਚ ਤਾਲਮੇਲ ਦੀ ਘਾਟ ਸੀ ਅਤੇ ਹਰ ਕੋਈ ਗਲਤੀਆਂ ਤੋਂ ਹੀ ਸਿੱਖਦਾ ਹੈ।
ਦੇਸ਼ਵਿਆਪੀ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਸ੍ਰੀ ਮਾਨ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ। ਚਾਰ ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਗਿਆ ਸੀ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇਗੀ ਪ੍ਰੰਤੂ ਬਾਅਦ ਵਿੱਚ ਲਾਗੂ ਕਰਨ ਤੋਂ ਮੁੱਕਰ ਗਏ। ਉਨ੍ਹਾਂ ਸਵਾਲ ਕੀਤਾ ਕਿ ਸਿਰਫ਼ ਅੰਨਦਾਤੇ ਨਾਲ ਹੀ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ ਜਦੋਂਕਿ ਉਦਯੋਗਪਤੀਆਂ ਨੂੰ ਮਾਲਾਮਾਲ ਕੀਤਾ ਜਾ ਰਿਹਾ ਹੈ।