ਅੰਮ੍ਰਿਤਸਰ, ਕਸਟਮ ਵਿਭਾਗ ਨੇ ਇਥੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਦੋ ਵੱਖ ਵੱਖ ਘਟਨਾਵਾਂ ਵਿੱਚ ਲਗਪਗ 38 ਲੱਖ ਰੁਪਏ ਮੁੱਲ ਦਾ 1214 ਗਰਾਮ ਸੋਨਾ ਬਰਾਮਦ ਕੀਤਾ ਹੈ।
ਕਸਟਮ ਵਿਭਾਗ ਦੇ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਦੱਸਿਆ ਕਿ ਇਕ ਘਟਨਾ ਵਿਚ ਦੁਬਈ ਤੋਂ ਆਏ ਇਕ ਯਾਤਰੀ ਕੋਲੋਂ 299.5 ਗਰਾਮ ਸੋਨਾ ਬਰਾਮਦ ਹੋਇਆ ਹੈ। ਇਹ ਯਾਤਰੂ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਰਾਹੀਂ ਦੁਬਈ ਤੋਂ ਇਥੇ ਆਇਆ ਸੀ। ਜਾਂਚ ਕਰਨ ’ਤੇ ਉਸ ਕੋਲੋਂ ਕੜੇ ਦੀ ਸ਼ਕਲ ਵਿਚ ਇਹ ਸੋਨਾ ਬਰਾਮਦ ਹੋਇਆ। ਜੋ ਉਸ ਨੇ ਬਾਂਹ ਵਿਚ ਪਾਇਆ ਹੋਇਆ ਸੀ ਅਤੇ ਇਸ ਉਪਰ ਰੋਡੀਅਮ ਰਸਾਇਣ ਦਾ ਲੇਪ ਸੀ ਤਾਂ ਜੋ ਇਸ ਨੂੰ ਲੁਕਾਇਆ ਜਾ ਸਕੇ। ਦੂਜੀ ਘਟਨਾ ਵਿਚ ਦਿੱਲੀ ਤੋਂ ਆਏ ਇਕ ਯਾਤਰੂ ਕੋਲੋਂ ਸੋਨੇ ਦੇ 12 ਬਿਸਕੁਟ ਮਿਲੇ ਹਨ ਜਿਨ੍ਹਾਂ ਦਾ ਵਜ਼ਨ 914.40 ਗਰਾਮ ਹੈ। ਬਿਸਕੁਟਾਂ ਦੀ ਕੀਮਤ ਲਗਪਗ 28.73 ਲੱਖ ਰੁਪਏ ਹੈ। ਇਹ ਸੋਨਾ ਯਾਤਰੂ ਨੇ ਆਪਣੀਆਂ ਜੁਰਾਬਾਂ ਵਿੱਚ ਲੁਕਾਇਆ ਹੋਇਆ ਸੀ। ਕਸਟਮ ਐਕਟ 1962 ਹੇਠ ਇਹ ਸੋਨਾ ਜ਼ਬਤ ਕਰ ਲਿਆ ਗਿਆ ਹੈ।