ਅੰਮ੍ਰਿਤਸਰ, 22 ਜਨਵਰੀ,ਸ੍ਰੀ ਦੁਰਗਿਆਣਾ ਮੰਦਰ ਸੁੰਦਰੀਕਰਨ ਯੋਜਨਾ ਤਹਿਤ ਚੱਲ ਰਹੇ ਪਹਿਲੇ ਪੜਾਅ ਦੇ ਕੰਮ ਵਾਸਤੇ ਕਾਂਗਰਸ ਸਰਕਾਰ ਵੱਲੋਂ 11 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਅੱਜ ਇੱਥੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਹੈ। ਇਸ ਤੋਂ ਪਹਿਲਾਂ ਪਿਛਲੀ ਸਰਕਾਰ ਵੱਲੋਂ ਇਸ ਯੋਜਨਾ ’ਤੇ ਲਗਭਗ ਛੇ ਕਰੋੜ ਰੁਪਏ ਖ਼ਰਚ ਕੀਤੇ ਗਏ ਸਨ। ਅੱਜ ਇੱਥੇ ਦੁਰਗਿਆਣਾ ਮੰਦਰ ਸੁੰਦਰੀਕਰਨ ਯੋਜਨਾ ਦਾ ਜਾਇਜ਼ਾ ਲੈਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੱਧੂ ਨੇ ਇਸ ਯੋਜਨਾ ਨਾਲ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਯੋਜਨਾ ਦੇ ਸਮੁੱਚੇ ਕੰਮ ਨੂੰ 30 ਜੂਨ ਤੱਕ ਮੁਕੰਮਲ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਪਿਛਲੀ ਸਰਕਾਰ ਵੱਲੋਂ ਜਾਰੀ ਗ੍ਰਾਂਟ ਨਾਲ ਹੋਏ ਵਿਕਾਸ ਕਾਰਜਾਂ ਬਾਰੇ ਵੀ ਆਡਿਟ ਕਰਾਇਆ ਜਾਵੇਗਾ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਸ ਗਰਾਂਟ ਨਾਲ ਕੀ-ਕੀ ਕੰਮ ਹੋਏ ਹਨ। ਉਨ੍ਹਾਂ ਯੋਜਨਾ ਦੇ ਕੰਮ ਵਿੱਚ ਤੇਜ਼ੀ ਲਿਆਉਣ ਅਤੇ ਅਧਿਕਾਰੀਆਂ ਨੂੰ ਜਵਾਬਦੇਹ ਬਣਾਉਣ ਦੀ ਗੱਲ ਵੀ ਆਖੀ।
ਦੱਸਣਯੋਗ ਹੈ ਕਿ ਸੁੰਦਰੀਕਰਨ ਯੋਜਨਾ ਦੀ ਸ਼ੁਰੂਆਤ ਅਗਸਤ 2016 ਵਿੱਚ ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਸੀ। ਇਹ ਮੁਕੰਮਲ ਯੋਜਨਾ ਲਗਪਗ 115 ਕਰੋੜ ਰੁਪਏ ਦੀ ਹੈ, ਜਿਸ ਤਹਿਤ ਪਹਿਲੇ ਪੜਾਅ ਵਿੱਚ 25 ਕਰੋੜ ਰੁਪਏ ਖ਼ਰਚ ਹੋਣਗੇ।  ਸ੍ਰੀ ਸਿੱਧੂ ਨੇ ਦੱਸਿਆ ਕਿ ਅੱਜ ਜਾਰੀ ਕੀਤੇ 11 ਕਰੋੜ ਰੁਪਏ ਵਿੱਚੋਂ 2 ਕਰੋੜ ਰੁਪਏ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਨੂੰ ਇੱਥੇ ਬਿਜਲੀ ਸਪਲਾਈ ਦੇ ਕੰਮ ਨੂੰ ਅਤਿ-ਆਧੁਨਿਕ ਢੰਗ ਨਾਲ ਕਰਨ ਲਈ ਦਿੱਤੇ ਜਾ ਰਹੇ ਹਨ।