ਮੋਗਾ – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜੱਥੇਦਾਰ ਤੋਤਾ ਸਿੰਘ ਨੇ ਦੁਬਈ ਵਿਖੇ ਮੁਸ਼ਕਿਲਾਂ ‘ਚ ਘਿਰੀ ਇੱਕ ਸਥਾਨਕ ਨਿਵਾਸੀ ਲੜਕੀ – ਕਿਰਨਦੀਪ ਕੌਰ ਵੱਲੋਂ ਆਪਣੀ ਭਾਰਤ ਵਾਪਸੀ ਦੀ ਲਗਾਈ ਗੁਹਾਰ ਦੀ ਪੈਰਵੀ ਕਰਨ, ਅਤੇ ਲੜਕੀ ਦੇ ਬਚਾਅ ਲਈ ਕੀਤੇ ਉਪਰਾਲਿਆਂ ਵਾਸਤੇ ਕੇਂਦਰੀ ਫ਼ੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ। ਜੱਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਹਰਸਿਮਰਤ ਬਾਦਲ ਨੇ ਉਨ੍ਹਾਂ ਨੂੰ ਸੂਚਿਤ ਕੀਤਾ  ਕਿ ਦੁਬਈ ਨਾਲ ਸੰਬੰਧਿਤ ਭਾਰਤੀ ਰਾਜਦੂਤ ਪਵਨ ਕਪੂਰ ਨੇ ਬੀਬਾ ਬਾਦਲ ਨੂੰ ਦੱਸਿਆ ਕਿ ਲੜਕੀ ਨੂੰ ਉਸ ਦੇ ਕੰਮ ਵਾਲੀ ਥਾਂ ਤੋਂ ਸੁਰੱਖਿਅਤ ਕੱਢ ਲਿਆ ਗਿਆ ਹੈ ਅਤੇ ਉਸ ਨੂੰ ਦੁਬਈ ਦੇ ਇੱਕ ਵਿਸ਼ੇਸ਼ ਸਥਾਨ ਵਿਖੇ ਸ਼ਰਨ ਦਿੱਤੀ ਜਾ ਰਹੀ ਹੈ। ਅਕਾਲੀ ਆਗੂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਵੀ ਸੂਚਨਾ ਮਿਲ ਚੁੱਕੀ ਹੈ ਕਿ ਲੋੜੀਂਦੀਆਂ ਕਾਗ਼ਜ਼ੀ ਕਾਰਵਾਈਆਂ ਪੂਰੀਆਂ ਕਰਨ ਤੋਂ ਕੁਝ ਦਿਨਾਂ ਦੇ ਅੰਦਰ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ। 

ਕਿਰਨਦੀਪ ਕੌਰ ਨਾਂਅ ਦੀ ਇਸ ਲੜਕੀ ਨੇ ਕੁਝ ਦਿਨ ਪਹਿਲਾਂ ਜੱਥੇਦਾਰ ਤੋਤਾ ਸਿੰਘ ਨੂੰ ਦੁਬਈ ਤੋਂ ਆਪਣੀ ਵਤਨ ਵਾਪਸੀ ਦੀ ਅਪੀਲ ਕੀਤੀ ਸੀ।