ਮਾਛੀਵਾੜਾ ਸਾਹਿਬ: ਭੱਟੀਆਂ ਵਿਖੇ ਇਕ ਨਸ਼ੇੜੀ ਵਿਅਕਤੀ ਵਲੋਂ ਦਿਨ-ਦਿਹਾੜੇ ਪ੍ਰਵਾਸੀ ਮਜ਼ਦੂਰ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ‘ਚ ਹਰਦੀਪ ਸਿੰਘ ਨੇ ਦੱਸਿਆ ਕਿ ਲਾਲ ਬਾਬੂ ਭਗਤ ਨਾਂ ਦਾ ਵਿਅਕਤੀ ਪਿਛਲੇ 15 ਸਾਲਾਂ ਤੋਂ ਉਸ ਦੇ ਖੇਤਾਂ ‘ਚ ਕੰਮ ਕਰਦਾ ਸੀ। ਬੁੱਧਵਾਰ ਦੀਵਾਲੀ ਦਾ ਤਿਉਹਾਰ ਹੋਣ ਕਾਰਨ ਉਹ ਛੁੱਟੀ ‘ਤੇ ਸੀ। ਬੁੱਧਵਾਰ 4.15 ‘ਤੇ ਲਾਲ ਬਾਬੂ ਦਰਸ਼ਨ ਸਿੰਘ ਦੀ ਦੁਕਾਨ ‘ਤੇ ਕੁਝ ਸਮਾਨ ਲੈਣ ਲਈ ਗਿਆ ਪਰ ਉਥੇ ਪਿੰਡ ਦੇ ਹੀ ਨੌਜਵਾਨ ਪ੍ਰਗਟ ਸਿੰਘ ਜਿਸ ਨੇ ਹੱਥ ‘ਚ ਤੇਜ਼ਧਾਰ ਗੰਡਾਸਾ ਫੜਿਆ ਹੋਇਆ ਸੀ, ਉਸ ‘ਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਬੇਰਹਿਮੀ ਨਾਲ ਵੱਢ ਦਿੱਤਾ ਜਦਕਿ ਦੋਸ਼ੀ ਮੌਕੇ ‘ਤੋਂ ਫਰਾਰ ਹੋ ਗਿਆ। ਕਥਿਤ ਦੋਸ਼ੀ ਪ੍ਰਗਟ ਸਿੰਘ ਲਾਲ ਬਾਬੂ ਭਗਤ ‘ਤੇ ਪਿੰਡ ਦੀ ਹੀ ਇਕ ਔਰਤ ਨਾਲ ਉਸਦੇ ਨਜਾਇਜ਼ ਸਬੰਧ ਹੋਣ ਦਾ ਸ਼ੱਕ ਕਰਦਾ ਸੀ, ਜਿਸ ਕਾਰਨ ਉਸਦੀ ਨਸ਼ੇ ਦੀ ਹਾਲਤ ‘ਚ ਬਹਿਸਬਾਜ਼ੀ ਹੋਈ ਪਰ ਪਿੰਡ ਦੇ ਲੋਕਾਂ ਨੇ ਇਸ ਗੱਲ ਤੋਂ ਇੰਨਕਾਰ ਕੀਤਾ ਅਤੇ ਕਿਹਾ ਕਿ ਕਥਿਤ ਦੋਸ਼ੀ ਪ੍ਰਗਟ ਸਿੰਘ ਨਸ਼ੇ ਦਾ ਆਦੀ ਹੈ ਅਤੇ ਉਸਨੇ ਨਸ਼ੇ ਦੀ ਹਾਲਤ ‘ਚ ਹੀ ਬੇਕਸੂਰ ਲਾਲ ਬਾਬੂ ਭਗਤ ਨੂੰ ਬੇਰਹਿਮੀ ਨਾਲ ਮਾਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਸੁਖਨਾਜ ਸਿੰਘ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਤੇ ਉਨ੍ਹਾਂ ਲਾਸ਼ ਨੂੰ ਕਬਜ਼ੇ ‘ਚ ਕਰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਦੋਸ਼ੀ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਘਟਨਾ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ
ਭੱਟੀਆਂ ਦੀ ਜਿਸ ਗਲੀ ‘ਚ ਇਹ ਕਤਲ ਘਟਨਾ ਵਾਪਰੀ ਉਥੇ ਸੀ.ਸੀ.ਟੀ.ਵੀ ਕੈਮਰੇ ਲੱਗੇ ਹੋਏ ਸਨ ਅਤੇ ਪ੍ਰਗਟ ਸਿੰਘ ਨਾਂ ਦਾ ਵਿਅਕਤੀ ਨਸ਼ੇ ਦੀ ਹਾਲਤ ‘ਚ ਹੱਥ ‘ਚ ਗੰਡਾਸਾ ਫੜ੍ਹ ਕੇ ਆਇਆ ਅਤੇ ਉਸਨੇ ਦੁਕਾਨ ‘ਤੇ ਸਮਾਨ ਲੈਣ ਲਈ ਖੜ੍ਹੇ ਲਾਲ ਬਾਬੂ ਭਗਤ ਨਾਲ ਬਹਿਸਬਾਜ਼ੀ ਸ਼ੁਰੂ ਕੀਤੀ ਅਤੇ ਫਿਰ ਗੰਡਾਸਿਆਂ ਨਾਲ ਹਮਲਾ ਸ਼ੁਰੂ ਕਰ ਦਿੱਤਾ। 3 ਗੰਡਾਸੇ ਉਸਨੇ ਲਾਲ ਬਾਬੂ ਦੇ ਖੜ੍ਹੇ ਦੇ ਮਾਰੇ ਅਤੇ ਜਦੋਂ ਉਹ ਜ਼ਮੀਨ ‘ਤੇ ਡਿੱਰ ਗਿਆ ਤੇ ਫਿਰ ਲਗਾਤਾਰ ਉਸਨੇ 35 ਵਾਰ ਗੰਡਾਸੇ ਮਾਰ-ਮਾਰ ਉਸ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ। ਉਸ ਤੋਂ ਬਾਅਦ ਉਹ ਚਲਾ ਗਿਆ ਅਤੇ ਜਦੋਂ ਪਿੰਡ ਦੇ ਇਕ ਵਿਅਕਤੀ ਨੇ ਜ਼ਮੀਨ ‘ਤੇ ਪਏ ਲਾਲ ਬਾਬੂ ਨੂੰ ਖੂਨ ਨਾਲ ਲੱਥਪੱਥ ਹੋਏ ਨੂੰ ਸਿੱਧਾ ਕਰਕੇ ਦੇਖਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ। ਕੁਝ ਹੀ ਮਿੰਟਾਂ ਬਾਅਦ ਕਥਿਤ ਦੋਸ਼ੀ ਫਿਰ ਵਾਪਸ ਗੰਡਾਸਾ ਫੜ੍ਹ ਕੇ ਆਇਆ ਤੇ ਉਸਨੇ ਫਿਰ ਮਰੇ ਹੋਏ ਦੇ ਚਿਹਰੇ ‘ਤੇ 2 ਗੰਡਾਸੇ ਫਿਰ ਮਾਰੇ ਅਤੇ ਫਿਰ ਲਲਕਾਰੇ ਮਾਰਦਾ ਹੋਇਆ ਚਲਾ ਗਿਆ। ਨਸ਼ੇ ਦੀ ਹਾਲਤ ‘ਚ ਬੇਰਹਿਮੀ ਨਾਲ ਕੀਤੇ ਇਸ ਕਤਲ ਕਾਰਨ ਪਿੰਡ ‘ਚ ਦਹਿਸ਼ਤ ਫੈਲ ਗਈ।

ਪਿੰਡ ਦੇ ਲੋਕਾਂ ਨੇ ਭੱਜ ਕੇ ਬਚਾਈ ਜਾਨ
ਭੱਟੀਆਂ ਦਾ ਨੌਜਵਾਨ ਪ੍ਰਗਟ ਸਿੰਘ ਜੋ ਕਿ ਨਸ਼ੇ ਦਾ ਆਦੀ ਹੈ ਅਤੇ ਜਦੋਂ ਉਹ ਗੰਡਾਸਾ ਫੜ੍ਹ ਕੇ ਲਾਲ ਬਾਬੂ ‘ਤੇ ਹਮਲਾ ਕੀਤਾ ਤਾਂ ਉਥੇ ਖੜੇ ਕੁੱਝ ਲੋਕਾਂ ‘ਚ ਭਗਦੜ ਮਚ ਗਈ। ਕਤਲ ਦੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਕੋਈ ਵੀ ਵਿਅਕਤੀ ਜੇਕਰ ਉਸ ਅੱਗੇ ਆਉਂਦਾ ਸੀ ਤਾਂ ਉਸ ‘ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਸੀ ਜਿਸ ਕਾਰਨ ਪਿੰਡ ਦੇ ਕਈ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਪਿੰਡ ਵਾਸੀਆਂ ਨੇ ਉਥੇ ਪੁਲਸ ਤੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਪਿੰਡ ‘ਚ ਕੁਝ ਨਸ਼ੇ ਦੇ ਆਦੀ ਨੌਜਵਾਨ ਹਨ ਜਿਨ੍ਹਾਂ ਨੇ ਆਤੰਕ ਮਚਾਇਆ ਹੈ। ਇਸ ਲਈ ਅਜਿਹੇ ਨੌਜਵਾਨਾਂ ਦੀ ਪਛਾਣ ਕਰ ਉਨ੍ਹਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇ ਤਾਂ ਜੋ ਅੱਗੇ ਤੋਂ ਕੋਈ ਹੋਰ ਵਾਰਦਾਤ ਨਾ ਹੋਵੇ।
ਪਿੰਡ ਦੇ ਲੋਕਾਂ ਨੇ ਦੀਵਾਲੀ ਨਾ ਮਨਾਈ
ਦੀਵਾਲੀ ਦੇ ਤਿਉਹਾਰ ਸ਼ਾਮ 4.15 ਵਜੇ ਪਿੰਡ ਦੀ ਗਲੀ ਵਿਚ ਬੇਰਹਿਮੀ ਨਾਲ ਲਾਲ ਬਾਬੂ ਭਗਤ ਦਾ ਕਤਲ ਹੋ ਜਾਣ ਕਾਰਨ ਸਾਰੇ ਪਿੰਡ ਵਿਚ ਦਹਿਸ਼ਤ ਤੇ ਸੋਗ ਵਾਲਾ ਮਾਹੌਲ ਛਾ ਗਿਆ। ਜਿੱਥੇ ਪਿੰਡ ਦੇ ਲੋਕ ਆਪਣੇ ਘਰਾਂ ‘ਚ ਦੀਵਾਲੀ ਦੀ ਸ਼ਾਮ ਨੂੰ ਪਾਠ ਪੂਜਾ ਤੇ ਪਟਾਖੇ ਚਲਾ ਕੇ ਖੁਸ਼ੀ ਮਨਾਉਣ ਦੀ ਤਿਆਰੀ ਕਰ ਰਹੇ ਸਨ ਉਥੇ ਇਸ ਘਟਨਾ ਨੇ ਸਾਰਿਆਂ ਦੇ ਚਿਹਰਿਆਂ ‘ਤੇ ਮਾਯੂਸੀ ਛਾਈ ਹੋਈ ਸੀ। ਪਿੰਡ ਵਿਚ ਲੋਕਾਂ ਨੇ ਦੀਵਾਲੀ ਨਾ ਮਨਾਈ। ਬੇਸ਼ੱਕ ਕਤਲ ਹੋਣ ਵਾਲਾ ਵਿਅਕਤੀ ਪ੍ਰਵਾਸੀ ਮਜ਼ਦੂਰ ਸੀ ਪਰ ਪਿਛਲੇ 20-25 ਸਾਲਾਂ ਤੋਂ ਪਿੰਡ ਵਿਚ ਹੀ ਰਹਿ ਰਿਹਾ ਸੀ ਅਤੇ ਉਸਦਾ ਸਾਰੇ ਲੋਕਾਂ ਨਾਲ ਕਾਫ਼ੀ ਪਿਆਰ ਤੇ ਸਾਂਝ ਸੀ।