ਮੁੰਬਈ, 23 ਸਤੰਬਰ

ਬੌਲੀਵੁੱਡ ’ਚ ਹੁੰਦੀ ਡਰੱਗ ਸਪਲਾਈ ਬਾਰੇ ਜਾਂਚ ਕਰ ਰਹੀ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਅੱਜ ਅਦਾਕਾਰਾ ਦੀਪਿਕਾ ਪਾਦੂਕੋਨ ਦੀ ਮੈਨੇਜਰ ਕ੍ਰਿਸ਼ਮਾ ਪ੍ਰਕਾਸ਼ ਤੇ ਟੈਲੇਂਟ ਪ੍ਰਬੰਧਨ ਏਜੰਸੀ ਦੇ ਸੀਈਓ ਧਰੁਵ ਚਿਟਗੋਪੇਕਰ ਨੂੰ ਪੁੱਛਗਿੱਛ ਲਈ ਤਲਬ ਕੀਤਾ। ਦੋਵਾਂ ਤੋਂ ਏਜੰਸੀ ਨੇ ਅੱਜ ਬਾਅਦ ਦੁਪਹਿਰ ਪੁੱਛਗਿੱਛ ਕੀਤੀ। ਚਿਟਗੋਪੇਕਰ ਬੌਲੀਵੁੱਡ ਦੀ ਮੰਨੀ-ਪ੍ਰਮੰਨੀ ਕਵਾਨ ਟੇਲੈਂਟ ਮੈਨੇਜਮੈਂਟ ਏਜੰਸੀ ਦਾ ਸੀਈਓ ਹੈ ਤੇ ਕ੍ਰਿਸ਼ਮਾ ਏਜੰਸੀ ਲਈ ਕੰਮ ਕਰਦੀ ਹੈ। ਇਹ ਸਾਰਾ ਮਾਮਲਾ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਕੇਸ ਨਾਲ ਜੁੜਿਆ ਹੋਇਆ ਹੈ ਜਿਸ ਦੀ ਐਨਸੀਬੀ ਡਰੱਗ ਦੀ ਵਰਤੋਂ ਦੇ ਪੱਖ ਤੋਂ ਜਾਂਚ ਕਰ ਰਹੀ ਹੈ। ਜਾਂਚ ਦੌਰਾਨ ਬੌਲੀਵੁੱਡ ਵਿਚ ਵੱਡੇ ਪੱਧਰ ’ਤੇ ਡਰੱਗ ਲੈਣ ਬਾਰੇ ਕਈ ਤੱਥ ਸਾਹਮਣੇ ਆਏ ਹਨ। ਐਨਸੀਬੀ ਨੇ ਸੋਮਵਾਰ ਰਾਜਪੂਤ ਦੀ ਮੈਨੇਜਰ ਜਯਾ ਸਾਹਾ ਤੋਂ ਪੁੱਛਗਿੱਛ ਕੀਤੀ ਸੀ ਤੇ ਇਸ ਦੌਰਾਨ ਕਈ ਵਿਅਕਤੀਆਂ ਦੇ ਕਥਿਤ ਤੌਰ ’ਤੇ ਬੌਲੀਵੁੱਡ-ਡਰੱਗ ਗੱਠਜੋੜ ਨਾਲ ਜੁੜੇ ਹੋਣ ਬਾਰੇ ਪਤਾ ਲੱਗਾ ਹੈ। ਕਈ ਵਟਸਐਪ ਚੈਟ ਵਿਚ ਵੀ ਡਰੱਗ ਬਾਰੇ ਗੱਲਬਾਤ ਹੋਣ ਦੇ ਸੰਕੇਤ ਮਿਲੇ ਹਨ। ਲੋੜ ਪੈਣ ਉਤੇ ਏਜੰਸੀ ਅਦਾਕਾਰਾ ਦੀਪਿਕਾ ਪਾਦੂਕੋਨ ਨੂੰ ਵੀ ਪੁੱਛਗਿੱਛ ਲਈ ਸੱਦ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਵਟਸਐਪ ’ਤੇ ਪਾਦੂਕੋਨ ਦੀ ਮੈਨੇਜਰ ਤੇ ਇਕ ‘ਡੀ’ ਨਾਂ ਦੇ ਵਿਅਕਤੀ ਵਿਚਾਲੇ ਡਰੱਗ ਬਾਰੇ ਗੱਲਬਾਤ ਹੋਈ ਹੈ। ਐਨਸੀਬੀ ਅਦਾਕਾਰਾ ਰਕੁਲ ਪ੍ਰੀਤ ਸਿੰਘ ਤੇ ਸਾਰਾ ਅਲੀ ਖ਼ਾਨ ਨੂੰ ਵੀ ਪੁੱਛਗਿੱਛ ਲਈ ਸੱਦ ਸਕਦੀ ਹੈ।