ਦੀਨਾਨਗਰ, 
ਸ਼ਹਿਰ ’ਚ ਕੁਝ ਬਦਮਾਸ਼ਾਂ ਨੇ ਇਕ ਨੌਜਵਾਨ ਨੂੰ ਸ਼ਰੇਆਮ ਅਗਵਾ ਕਰਕੇ ਉਸ ਦੀ ਜ਼ੋਰਦਾਰ ਕੁੱਟਮਾਰ ਕੀਤੀ ਜਿਸ ਮਗਰੋਂ ਦੀਵਾਲੀ ਦੀ ਰਾਤ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨੀਸ਼ ਕੁਮਾਰ ਉਰਫ਼ ਮਨੂ (21 ਸਾਲ) ਪੁੱਤਰ ਕੁਲਦੀਪ ਸਿੰਘ ਵਾਸੀ ਪੁਰਾਣੀ ਆਬਾਦੀ ਅਵਾਂਖਾ ਵਜੋਂ ਹੋਈ ਹੈ। ਪਰਿਵਾਰ ਨੇ ਦੋੋਸ਼ੀਆਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਅੱਜ ਥਾਣੇ ਮੂਹਰੇ ਧਰਨਾ ਲਾ ਦਿੱਤਾ ਜਿਸ ਮਗਰੋਂ ਪੁਲੀਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। 12ਵੀਂ ਪਾਸ ਮਨੀਸ਼ ਦੀਵਾਲੀ ਤੋਂ ਇਕ ਦਿਨ ਪਹਿਲਾਂ ਰਾਤ ਨੂੰ ਆਪਣੇ ਕੁਝ ਦੋਸਤਾਂ ਨਾਲ ਰੈਸਟੋਰੈਂਟ ਗਿਆ ਸੀ ਜਿੱਥੇ  5-6 ਨੌਜਵਾਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਨੌਜਵਾਨ ਮਨੀਸ਼ ਕੁਮਾਰ ਨੂੰ ਆਪਣੀ ਗੱਡੀ ਵਿੱਚ ਸੁੱਟ ਕੇ ਕਿਤੇ ਲੈ ਗਏ ਜਿੱਥੇ ਕਥਿਤ ਤੌਰ ’ਤੇ ਕੁੱਟਮਾਰ ਤੋਂ ਬਾਅਦ ਉਹ ਦੇਰ ਰਾਤ ਉਸ ਨੂੰ ਥਾਣੇ ਨੇੜੇ ਸੁੱਟ ਗਏ। ਮਨੀਸ਼ ਨੂੰ ਕਮਿਊਨਿਟੀ ਹੈਲਥ ਸੈਂਟਰ ਸਿੰਘੋਵਾਲ ’ਚ ਦਾਖ਼ਲ ਕਰਵਾਇਆ ਗਿਆ। ਉਥੋਂ ਦੇ ਡਾਕਟਰ ਨੇ ਕਥਿਤ ਤੌਰ ’ਤੇ ਲਾਪਰਵਾਹੀ ਦਿਖਾਉਂਦਿਆਂ ਉਸ ਨੂੰ ਰਾਤ ਵੇਲੇ ਹੀ ਛੁੱਟੀ ਦੇ ਦਿੱਤੀ। ਦੀਵਾਲੀ ਵਾਲੇ ਦਿਨ ਮਨੀਸ਼ ਕੁਮਾਰ ਦਾ ਪਰਿਵਾਰ ਅਗਵਾਕਾਰਾਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਸਾਰਾ ਦਿਨ ਥਾਣੇ ਦੇ ਚੱਕਰ ਕੱਟਦਾ ਰਿਹਾ। ਸਿਰ ਵਿੱਚ ਗੰਭੀਰ ਸੱਟ ਲੱਗੀ ਹੋਣ ਕਾਰਨ ਦੀਵਾਲੀ ਵਾਲੀ ਰਾਤ ਮਨੀਸ਼ ਕੁਮਾਰ ਦੀ ਮੌਤ ਹੋ ਗਈ। ਇਸ ਦੇ ਰੋਸ ਵਜੋਂ ਅੱਜ ਸਵੇਰੇ ਪਰਿਵਾਰ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਥਾਣੇ ਮੂਹਰੇ ਲਾਸ਼ ਰੱਖ ਕੇ ਧਰਨਾ ਲਗਾ ਦਿੱਤਾ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਪੁਲੀਸ ਦੀ ਢਿੱਲੀ ਕਾਰਵਾਈ ਦੇ ਰੋਸ ਵਜੋਂ ਨੌਜਵਾਨਾਂ ਨੇ ਥਾਣੇ ਦੇ ਗੇਟ ਮੂਹਰੇ ਟਾਇਰ ਫੂਕ ਕੇ ਪ੍ਰਦਰਸ਼ਨ ਕੀਤਾ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਤਕ ਧਰਨਾ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਸੀਪੀਆਈ ਨੇਤਾ ਸੁਖਦੇਵ ਸਿੰਘ ਕਾਹਲੋਂ, ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੁਪੇਸ਼ ਅੱਤਰੀ, ਸਾਬਕਾ ਸਰਪੰਚ ਸ਼ਾਮ ਲਾਲ ਅਤੇ ਸੀਪੀਆਈ (ਐਮ) ਆਗੂ ਫ਼ਤਿਹ ਚੰਦ ਨੇ ਕਿਹਾ ਕਿ ਇਹ ਸਿੱਧੇ ਰੂਪ ਵਿੱਚ ਕਤਲ ਦਾ ਮਾਮਲਾ ਹੈ ਅਤੇ ਪੁਲੀਸ ਦੀ ਸੁਸਤ ਕਾਰਵਾਈ ਦੋਸ਼ੀਆਂ ਦੇ ਹੌਸਲੇ ਬੁਲੰਦ ਕਰ ਰਹੀ ਹੈ। ਸਥਿਤੀ ਉਸ ਵੇਲੇ ਟਕਰਾਅ ਵਾਲੀ ਬਣ ਗਈ ਜਦੋਂ ਰੋਹ ’ਚ ਆਏ ਨੌਜਵਾਨ ਥਾਣੇ ਦਾ ਗੇਟ ਤੋੜ ਕੇ ਅੰਦਰ ਦਾਖ਼ਲ ਹੋ ਗਏ ਪਰ ਏਸੀਪੀ ਵਰੁਣ ਸ਼ਰਮਾ ਸਥਿਤੀ ’ਤੇ ਕਾਬੂ ਪਾਉਣ ’ਚ ਸਫ਼ਲ ਰਹੇ। ਚਾਰ ਘੰਟਿਆਂ ਮਗਰੋਂ ਪੁਲੀਸ ਨੇ ਚਾਰ ਵਿਅਕਤੀਆਂ ਕੁਲਦੀਪ ਸਿੰਘ ਉਰਫ਼ ਗਾਂਧੀ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਭਟੋਆ, ਬਿੱਕਾ ਵਾਸੀ ਨਜ਼ਦੀਪ ਤਹਿਸੀਲ ਦਫ਼ਤਰ ਦੀਨਾਨਗਰ, ਦਵਿੰਦਰ ਉਰਫ਼ ਛੋਟੂ ਪੁੱਤਰ ਜਸਬੀਰ ਸਿੰਘ ਵਾਸੀ ਹਰੀਜਨ ਕਾਲੋਨੀ ਦੀਨਾਨਗਰ ਅਤੇ ਦਵਿੰਦਰ ਉਰਫ਼ ਛੋਟੂ ਦੇ ਭਰਾ ਖ਼ਿਲਾਫ਼ ਅਗਵਾ ਤੇ ਕਤਲ ਦੀਆਂ ਧਾਰਾਵਾਂ 302, 364, 34 ਤਹਿਤ ਪਰਚਾ ਦਰਜ ਕਰ ਲਿਆ। ਪਰਚਾ ਦਰਜ ਹੋਣ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜਿਆ ਗਿਆ। ਇਸ ਦੌਰਾਨ ਏਸੀਪੀ ਦੀ ਅਪੀਲ ’ਤੇ ਧਰਨਾਕਾਰੀਆਂ ਵੱਲੋਂ ਚਾਰ ਘੰਟੇ ਬਾਅਦ ਜਾਮ ਖੋਲ੍ਹਿਆ ਗਿਆ।

ਏਐਸਆਈ ਅਤੇ ਡਾਕਟਰ ਖ਼ਿਲਾਫ਼ ਕਾਰਵਾਈ ਤੋਂ ਹੱਥ ਖਿੱਚੇ

ਨੌਜਵਾਨ ਦੇ ਇਲਾਜ ’ਚ ਕਥਿਤ ਲਾਪਰਵਾਹੀ ਵਰਤਣ ਵਾਲੇ ਸੀਐਚਸੀ ਦੇ ਡਾਕਟਰ ਅਤੇ ਏਐਸਆਈ ਦੀ ਭੂਮਿਕਾ ਇਸ ਕੇਸ ਵਿੱਚ ਸ਼ੱਕੀ ਹੋਣ ਦੇ ਬਾਵਜੂਦ ਪੁਲੀਸ ਨੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਪਾਸਾ ਵੱਟ ਲਿਆ ਹੈ। ਧਰਨੇ ਦੌਰਾਨ ਸਭ ਤੋਂ ਜ਼ਿਆਦਾ ਨਾਅਰੇਬਾਜ਼ੀ ਇਨ੍ਹਾਂ ਦੋਹਾਂ ਖ਼ਿਲਾਫ਼ ਹੀ ਹੋਈ। ਸੀਪੀਆਈ ਆਗੂ ਸੁਖਦੇਵ ਸਿੰਘ ਕਾਹਲੋਂ ਨੇ ਦੋਸ਼ ਲਗਾਇਆ ਕਿ ਏਐਸਆਈ ਦੀਵਾਲੀ ਵਾਲੇ ਦਿਨ ਨੌਜਵਾਨ ਦੇ ਪਰਿਵਾਰ ਕੋਲੋਂ ਅਗਵਾਕਾਰਾਂ ਖ਼ਿਲਾਫ਼ ਕਾਰਵਾਈ ਕਰਨ ਬਦਲੇ 1500 ਰੁਪਏ ਦੀਵਾਲੀ ਦੀ ਵਧਾਈ ਲੈ ਗਿਆ ਸੀ।