ਨਵੀਂ ਦਿੱਲੀ, 17 ਫ਼ਰਵਰੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਤੋਂ ਯਮੁਨਾ ਕਿਨਾਰੇ ਸਥਿਤ ਗੁਰਦੁਆਰਾ ਮਜਨੂੰ ਦਾ ਟੀਲਾ ਦੇ ਦੱਖਣੀ ਛੋਰ ‘ਤੇ ਝੁੱਗੀ ਝੋਪੜੀਆਂ ਵਿਚ ਰਹਿ ਰਹੇ ਪਾਕਿਸਤਾਨੀ ਹਿੰਦੂ, ਸਿੱਖ ਸ਼ਰਣਾਰਥੀਆਂ ਨੂੰ ਤਤਕਾਲ ਨਾਗਰਕਿਤਾ ਪ੍ਰਦਾਨ ਕਰਨ ਦੀ ਅਪੀਲ ਕੀਤੀ।
ਅੱਜ ਨਵੀਂ ਦਿੱਲੀ ਵਿਖੇ ਪਾਕਿਸਤਾਨ ਤੋਂ ਆਏ ਹਿੰਦੂ ਸਿੱਖ ਸ਼ਰਣਾਰਥੀਆਂ ਦੇ ਨਾਲ ਇਤਿਹਾਸਕ ਗੁਰਦੁਆਰਾ ਮਜਨੂੰ ਦਾ ਟੀਲਾ ਵਿਖੇ ਇੱਕ ਸਾਂਝਾ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਸ. ਸਿਰਸਾ ਨੇ ਕਿਹਾ ਕਿ 2 ਫ਼ਰਵਰੀ ਤੋਂ 16 ਫ਼ਰਵਰੀ 2020 ਦੌਰਾਨ ਲਗਭਗ 60 ਪਰਿਵਾਰ ਪਾਕਿਸਤਾਨ ਤੋਂ ਨਵੀਂ ਦਿੱਲੀ ਪਹੁੰਚੇ ਹਨ ਜਦੋਂਕਿ 10 ਸ਼ਰਣਾਰਥੀ ਪਰਿਵਾਰ ਬੀਤੇ ਦਿਨ ਪਾਕਿਸਤਾਨ ਤੋਂ ਨਵੀਂ ਦਿੱਲੀ ਆਏ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਲਗਭਗ 160 ਸ਼ਰਣਾਰਥੀ ਪਰਿਵਾਰ ਭਾਰਤੀ ਨਾਗਰਿਕਤਾ ਦੀ ਆਸ ਵਿਚ ਦਿੱਲੀ ਵਿਖੇ ਕਠਿਨ ਪਰਸਥਿਤੀਆਂ ‘ਚ ਆਪਣਾ ਜੀਵਨ ਦਾ ਯਾਪਨ ਕਰ ਰਹੇ ਹਨ। ਸ਼ਰਣਾਰਥੀ ਪਰਿਵਾਰਾਂ ਦੇ ਕਾਫ਼ੀ ਮੈਂਬਰ ਪ੍ਰੌਫ਼ੈਸ਼ਨਲ ਤੌਰ ‘ਤੇ ਮਾਹਿਰ ਪੇਸ਼ੇਵਰ ਹਨ ਅਤੇ ਉਹ ਆਪਣੀ ਸੇਵਾਵਾਂ ਰਾਹੀਂ ਦੇਸ਼ ਦੇ ਵਿਕਾਸ ਅਤੇ ਅਰਥਵਿਵਸਥਾ ਵਿਚ ਆਪਣਾ ਯੋਗਦਾਨ ਦੇਣਾ ਚਾਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਆਪਣੇ ਸਬੰਧਤ ਪੇਸ਼ੇ ਵਿਚ ਕੰਮ ਕਰਦੇ ਹੋਏ ਨਿਯਮਤ ਜੀਵਨ ਸ਼ੈਲੀ ਸ਼ੁਰੂ ਕਰਨਾ ਚਾਹੁੰਦੇ ਹਨ ਅਤੇ ਇਸ ਸਿਲਸਿਲੇ ਵਿਚ ਗ੍ਰਹਿ ਮੰਤਰੀ ਮੰਤਰੀ ਅਮਿਤ ਸ਼ਾਹ ਤੋਂ ਉਨ੍ਹਾਂ ਨੂੰ ਪ੍ਰਾਥਮਿਕਤਾ ਦੇ ਆਧਾਰ ‘ਤੇ ਨਾਗਰਕਿਤਾ ਪ੍ਰਦਾਨ ਕਰਨ ਦੀ ਅਪੀਲ ਕੀਤੀ।
ਸਿਰਸਾ ਨੇ ਕਿਹਾ ਕਿ ਉਨ੍ਹਾਂ ਇਸ ਸਬੰਧ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਚਰਚਾ ਕੀਤੀ ਹੈ ਅਤੇ ਗ੍ਰਹਿ ਮੰਤਰੀ ਦਾ ਇਸ ਪ੍ਰਤੀ ਸਕਾਰਾਤਮਕ ਦ੍ਰਿਸ਼ਟੀਕੋਣ ਹੈ ਅਤੇ ਉਹ ਉਨ੍ਹਾਂ ਦੀ ਮੰਗਾਂ ਦੇ ਪ੍ਰਤੀ ਪੂਰੀ ਸਹਾਨੁਭੂਤੀ ਰੱਖਦੇ ਹਨ। ਉਹਨਾ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਕੇਂਦਰੀ ਗ੍ਰਹਿ ਸਚਿਵ ਨੂੰ ਇਸ ਸਿਲਸਿਲੇ ਵਿਚ ਤਤਕਾਲ ਵਿਧਾਨਿਕ ਵਿਕਲਪ ਢੂੰਢਣ ਦਾ ਨਿਰਦੇਸ਼ ਦਿੱਤਾ ਹੈ ਅਤੇ ਉਮੀਦ ਹੈ ਕਿ ਇਸ ਸਬੰਧ ਵਿਚ ਜਲਦੀ ਹੀ ਕੋਈ ਸਕਾਰਾਤਮਕ ਨਤੀਜੇ ਮਿਲਣਗੇ।
ਸਿਰਸਾ ਨੇ ਪਾਕਿਸਤਾਨ ਤੋਂ ਆਏ ਹਿੰਦੂ ਸਿੱਖ ਸ਼ਰਣਾਰਥੀ ਪਰਿਵਾਰਾਂ ਦੇ ਨੌਜਵਾਨ ਬੱਚਿਆਂ ਨੂੰ ਭਾਰਤੀ ਸੇਨਾ ਅਤੇ ਅਰਧਸੈਨਿਕ ਬਲਾਂ ਵਿਚ ਆਪਣੀ ਸੇਵਾਵਾਂ ਦੇਣ ਦੀ ਰੂਚੀ ਜ਼ਾਹਿਰ ਕੀਤੀ ਹੈ ਤਾਕਿ ਉਹ ਭਾਰਤ ਮਾਤਾ ਦੀ ਸੇਵਾ ਕਰ ਸਕਣ ਅਤੇ ਦੁਸ਼ਮਣ ਪਾਕਿਸਤਾਨ ਨੂੰ ਸੀਮਾ ‘ਤੇ ਕਰਾਰਾ ਜਵਾਬ ਦੇ ਸਕਣ।
ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਤੋਂ ਆਏ ਪਰਿਵਾਰਾਂ ਦੀ ਵੀਜਾ ਸ਼ਰਤਾਂ ਵਿਚ ਰਿਆਇਤ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਸਮੇਂ ਉਨ੍ਹਾਂ ਦੀਆਂ ਵੀਜ਼ਾ ਸ਼ਰਤਾਂ ਮੁਤਾਬਿਕ ਉਹ ਕੇਵਲ ਦਿੱਲੀ ਜਾਂ ਹਰਿਦੁਆਰ ਵਿਚ ਹੀ ਰਹਿ ਸਕਦੇ ਹਨ ਅਤੇ ਕਿਸੇ ਹੋਰ ਅਸਥਾਨ ‘ਤੇ ਜਾਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਨੂੰ ਦੇਸ਼ ਦੇ ਹੋਰਨਾਂ ਇਲਾਕਿਆਂ ਵਿਚ ਵੀ ਕਿਤੇ ਆਉਣ-ਜਾਉਣ ਦੀ ਰਿਆਇਤ ਹੋਣੀ ਚਾਹੀਦੀ ਹੈ ਤਾਂਕਿ ਉਹ ਰੁਜ਼ਗਾਰ, ਤਾਲੀਮ ਆਦਿ ਦੇ ਲਈ ਦੇਸ਼ ਦੇ ਬਾਕੀ ਹਿੱਸਿਆਂ ਵਿਚ ਬਸ ਸਕਣ। ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਦਾ ਇੱਕ ਵਫ਼ਦ ਜਲਦੀ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਉਨ੍ਹਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਲਈ ਧੰਨਵਾਦ ਕਰੇਗਾ ਜਿਸਦੀ ਵਜ੍ਹਾ ਨਾਲ ਉਨ੍ਹਾਂ ਦਾ ਭਾਰਤ ਵਿਚ ਰਹਿਣ ਦਾ ਸੁਪਣਾ ਸਾਕਾਰ ਹੋ ਸਕੇਗਾ। ਉਨ੍ਹਾਂ ਕਿਹਾ ਕਿ ਸ਼ਰਣਾਰਥੀ ਪਰਿਵਾਰਾਂ ਨੂੰ ਸਨਮਾਨਜਨਕ ਜੀਵਨ ਦੇ ਨਿਰਵਾਹ ਲਈ ਅੰਤਰਰਾਸ਼ਟਰੀ ਨਿਯਮਾਂ ਦੇ ਅਨੁਰੁਪ ਸਾਰੀਆਂ ਸੁਵਿਧਾਵਾਂ ਅਤੇ ਲਾਭ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਸਰਕਾਰ ਤੋਂ ਇਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਨੂੰ ਤਹਿ ਬਾਜਾਰੀ ਖੋਕੇ ਅਲੋਟ ਕਰਨ ਦੀ ਵੀ ਅਪੀਲ ਕੀਤੀ ਤਾਂ ਕਿ ਉਹ ਆਪਣਾ ਜੀਵਨ ਯਾਪਨ ਕਰ ਸਕਣ ਅਤੇ ਦਾਨਵੀਰ ਸੰਸਥਾਵਾਂ ਜਾਂ ਹੋਰਨਾਂ ਸਰਕਾਰੀ ਏਜੰਸੀਆਂ ‘ਤੇ ਉਹਨਾ ਦੀ ਨਿਰਭਰਤਾ ਘੱਟ ਹੋ ਸਕੇ।
ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਪਾਕਿਸਤਾਲ ਵਿਚ ਹਿੰਦੂ, ਸਿੱਖ ਘੱਟ ਗਿਣਤੀਆਂ ਦੇ ਮਾਨਵਾਧਿਕਾਰਾਂ ਦਾ ਵੱਡੇ ਪੈਮਾਨੇ ‘ਤੇ ਉਲੰਘਣ ਕੀਤਾ ਜਾਂਦਾ ਹੈ ਅਤੇ ਮੁਸਲਿਮ ਗੁੰਡੇ ਇਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਦੀ ਮੌਤ ‘ਤੇ ਪਾਰਥਿਵ ਸ਼ਰੀਰ ਨੂੰ ਜਲਾਉਣ ‘ਤੇ ਵੀ ਇਹ ਕਹਿ ਕੇ ਅੜਚਨ ਲਗਾਉਂਦੇ ਹਨ ਕਿ ਪਾਰਥਿਵ ਸ਼ਰੀਰ ਨੂੰ ਜਲਾਉਣ ਨਾਲ ਵਾਤਾਵਰਣ ਵਿਚ ਬਦਬੂ ਫ਼ੈਲੇਗੀ ਅਤੇ ਉਨ੍ਹਾਂ ਨੂੰ ਜਬਰਨ ਦਫ਼ਨਾਉਣ ਲਈ ਦਬਾਓ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਦੁਖਾਂਤ ਹੈ ਕਿ ਪਾਕਿਸਤਾਨ ਵਿਚ ਨੌਜਵਾਨ ਹਿੰਦੂ, ਸਿੱਖ ਲੜਕੀਆਂ ਦਾ ਜਬਰਨ ਅਗਵਾਹ ਕਰਕੇ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਵਿਆਹ ਕਰ ਦਿੱਤਾ ਜਾਂਦਾ ਹੈ ਅਤੇ ਸਰਕਾਰੀ ਸੰਸਥਾਵਾਂ ਸਥਾਨਕ ਪੁਲਿਸ ਅਤੇ ਨਿਆਂ ਦੇਣ ਵਾਲੀਆਂ ਸੰਸਥਾਵਾਂ ਕੇਵਲ ਮੂਕ ਦਰਸ਼ਕ ਦੀ ਭੂਮਿਕਾ ਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਪਿਛਲੇ 2 ਮਹੀਨਿਆਂ ਵਿਚ 53 ਹਿੰਦੂ ਸਿੱਖ ਲੜਕੀਆਂ ਦਾ ਅਪਹਰਣ ਕਰਕੇ ਉਨ੍ਹਾਂ ਦੀ ਇੱਛਾ ਵਿਰੁੱਧ ਜਬਰਦਸਤੀ ਵਿਆਹ ਕਰਕੇ ਇਸਲਾਮ ਕਬੂਲਣ ਲਈ ਮਜਬੂਰ ਕੀਤਾ ਗਿਆ ਹੈ। ਕੱਲ ਹੀ ਸਿੰਧ ਪ੍ਰਾਂਤ ਵਿਖੇ 17 ਸਾਲ ਦੀ ਹਿੰਦੂ ਲੜਕੀ ਕੋਮਲ ਕੁਮਾਰੀ ਨੂੰ ਅਗਵਾਹ ਕੀਤਾ ਗਿਆ ਹੈ ਅਤੇ ਸ਼ੰਕਾਂ ਹੀ ਕਿ ਉਸ ਦਾ ਵੀ ਧਰਮ ਪਰਿਵਰਤਨ ਕਰਕੇ ਜਬਰਨ ਵਿਆਹ ਕਰਵਾ ਦਿੱਤਾ ਜਾਵੇਗਾ ।
ਸਿਰਸਾ ਨੇ ਅੰਤਰਰਾਸ਼ਟਰੀ ਮਾਨਵਾਧਿਕਾਰ ਅਤੇ ਮਹਿਲਾ ਸੰਗਠਨਾਂ ਨੂੰ ਇਸ ਸਿਲਸਿਲੇ ਵਿਚ ਅਪੀਲ ਕਰਦਿਆਂ ਕਿਹਾ ਕਿ ਪਾਕਿਸਤਾਨ ਸਰਕਾਰ ‘ਤੇ ਦਬਾਓ ਬਣਾ ਕੇ ਕੋਮਲ ਕੁਮਾਰੀ ਨੂੰ ਉਹਨਾਂ ਦੇ ਮਾਤਾ-ਪਿਤਾ ਨੂੰ ਵਾਪਿਸ ਦਿਲਾਉਣ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਦਬਾਓ ਅਤੇ ਹੋਰਨਾਂ ਮਾਨਵਾਧਿਕਾਰ ਸੰਗਠਨਾਂ ਵੱਲੋਂ ਪੁਰਜ਼ੋਰ ਕੋਸ਼ਿਸ਼ਾਂ ਦੇ ਬਾਵਜੂਦ ਜਗਜੀਤ ਕੌਰ ਅਤੇ ਮਹਿਕ ਕੁਮਾਰੀ ਦੇ ਜਬਰਨ ਧਰਮ ਪਰਿਵਰਤਨ ਅਤੇ ਵਿਆਹ ਦੇ ਮਾਮਲਿਆਂ ਵਿਚ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।