ਨਵੀਂ ਦਿੱਲੀ, 6 ਅਪ੍ਰੈਲ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਹੈ ਕਿ ਕਮੇਟੀ ਵੱਲੋਂ ਵਿਦੇਸ਼ਾ ਤੋਂ ਆਏ ਸੈਲਾਨੀਆਂ ਜਾਂ ਵਿਦੇਸ਼ਾਂ ਵਿਚ ਘੁੰਮ ਕੇ ਵਾਪਸ ਪਰਤੇ ਸੈਲਾਨੀਆਂ ਨੂੰ ਇਹਨਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਿਰਸਾ ਨੇ ਦੱਸਿਆ ਕਿ ਕੁਝ ਲੋਕ ਵਿਦੇਸ਼ਾਂ ਤੋਂ ਇਥੇ ਆਏ ਸਨ ਜਦਕਿ ਕੁਝ ਲੋਕ ਵਿਦੇਸ਼ਾਂ ਵਿਚ ਘੁੰਮ ਕੇ ਵਾਪਸ ਪਰਤੇ ਸਨ। ਅਜਿਹੇ ਲੋਕਾਂ ਨੂੰ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਹੀ ਰੋਕ ਲਿਆ ਗਿਆ ਸੀ ਤੇ 14 ਦਿਨ ਲਈ ਇਕਾਂਤਵਾਸ ਵਿਚ ਰੱਖਿਆ ਗਿਆ ਸੀ। ਉਹਨਾਂ ਦੱਸਿਆ ਕਿ ਹੁਣ ਇਕਾਂਤਵਾਸ ਦਾ ਸਮਾਂ ਪੂਰਾ ਹੋਣ ‘ਤੇ ਇਹ ਲੋਕ ਦਿੱਲੀ ਗੁਰਦੁਆਰਾ ਕਮੇਟੀ ਨਾਲ ਸੰਪਰਕ ਕਰ ਰਹੇ ਹਨ।
ਉਹਨਾਂ ਦੱਸਿਆ ਕਿ ਦੁਆਰਕਾ ਪੁਰੀ, ਨੋਇਡਾ ਤੇ ਸੋਨੀਪਤ ਸਮੇਤ ਵੱਖ ਵੱਖ ਸੈਂਟਰਾਂ ਵਿਚ ਇਕਾਂਤਵਾਸ ਵਿਚ ਰੱਖੇ ਸੈਲਾਨੀਆਂ ਨੇ ਸਾਡੇ ਨਾਲ ਸੰਪਰਕ ਬਣਾਇਆ ਹੈ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਤੈਅ ਨਿਯਮਾਂ ਤਹਿਤ ਪ੍ਰਵਾਨਗੀਆਂ ਹਾਸਲ ਕਰ ਕੇ ਅਸੀਂ ਇਹਨਾਂ ਲੋਕਾਂ ਨੂੰ ਇਹਨਾਂ ਦੇ ਘਰਾਂ ਤੱਕ ਭੇਜਣ ਦਾ ਇੰਤਜ਼ਾਮ ਕੀਤਾ ਹੈ ਤੇ ਇਸ ਕੰਮ ਵਾਸਤੇ ਬੱਸਾਂ ਦੇਣ ਦਾ ਵਿਸ਼ੇਸ਼ ਸਹਿਯੋਗ ਬਿੰਦਾ ਟਰੈਵਲ ਲਾਈਨਜ਼ ਵੱਲੋਂ ਪ੍ਰਦਾਨ ਕੀਤਾ ਗਿਆ ਹੈ ਜਿਹਨਾਂ ਨੇ ਬੱਸਾਂ ਦੇ ਨਾਲ ਨਾਲ ਟੈਂਪੂ ਟਰੈਵਲ ਵੀ ਪ੍ਰਦਾਨ ਕੀਤੇ ਹਨ।
ਸਿਰਸਾ ਨੇ ਕਿਹਾ ਕਿ ਅਸੀਂ ਅਜਿਹੇ ਫਸੇ ਸੈਲਾਨੀਆਂ ਤੇ ਸਥਾਨਕ ਲੋਕਾਂ ਨੂੰ ਭਰੋਸਾ ਦੁਆਉਂਦੇ ਹਾਂ ਕਿ ਜੋ ਵਿਸ਼ਵਾਸ ਉਹਨਾਂ ਨੇ ਦਿੱਲੀ ਗੁਰਦੁਆਰਾ ਕਮੇਟੀ ‘ਤੇ ਕੀਤਾ ਹੈ, ਉਸ ‘ਤੇ ਪੂਰਾ ਉਤਰਣ ਵਾਸਤੇ ਦਿੱਲੀ ਗੁਰਦੁਆਰਾ ਕਮੇਟੀ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਇਥੇ ਦੱਸਣਯੋਗ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਪਹਿਲਾਂ ਵੀ ਦੋ ਬੱਸਾਂ ਗੁਰਦੁਆਰਾ ਮਜਨੂੰ ਕਾ ਟਿੱਲਾ ਤੋਂ ਪੰਜਾਬ ਲਈ ਰਵਾਨਾ ਕੀਤੀਆਂ ਸਨ ਜਿਸ ਵਿਚ ਦਿੱਲੀ ਵਿਚ ਫਸੇ ਪੰਜਾਬੀਆਂ ਨੂੰ ਵਾਪਸ ਉਹਨਾਂ ਦੇ ਘਰਾਂ ਵਿਚ ਭੇਜਿਅ ਗਿਆ ਸੀ।