ਅੰਮ੍ਰਿਤਸਰ, ਇੱਥੋਂ ਦੇ ਇਸਲਾਮਾਬਾਦ ਇਲਾਕੇ ਵਿੱਚ ਨਾਈਆਂ ਵਾਲਾ ਮੋੜ ਨੇੜੇ ਰਿਹਾਇਸ਼ੀ ਕਲੋਨੀ ਵਿੱਚ ਇੱਕ ਬਜ਼ੁਰਗ ਜੋੜੇ ਦਾ ਕਤਲ ਕਰ ਦਿੱਤਾ ਗਿਆ। ਮੁੱਢਲੇ ਤੌਰ ’ਤੇ ਇਹ ਘਟਨਾ ਲੁੱਟ ਨਾਲ ਸਬੰਧਤ ਲੱਗ ਰਹੀ ਹੈ।
ਕਤਲ ਕੀਤੇ ਜੋੜੇ ਦੀ ਸ਼ਨਾਖ਼ਤ ਸੁਭਾਸ਼ ਅਰੋੜਾ (68) ਅਤੇ ਉਸ ਦੀ ਪਤਨੀ ਕਮਲੇਸ਼ ਅਰੋੜਾ (62) ਵਜੋਂ ਹੋਈ ਹੈ। ਉਹ ਇੱਥੇ ਆਪਣੇ ਘਰ ਵਿੱਚ ਇਕੱਲੇ ਰਹਿੰਦੇ ਸਨ। ਉਨ੍ਹਾਂ ਦੇ ਦੋ ਪੁੱਤਰ ਪਵਨ ਅਰੋੜਾ ਅਤੇ ਰਮੇਸ਼ ਅਰੋੜਾ ਆਪਣੇ ਪਰਿਵਾਰਾਂ ਨਾਲ ਅਮਰੀਕਾ ਅਤੇ ਆਸਟਰੇਲੀਆ ਰਹਿੰਦੇ ਹਨ। ਸੁਭਾਸ਼ ਅਰੋੜਾ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਅਤੇ ਉਨ੍ਹਾਂ ਦੀ ਪਤਨੀ ਸਕੂਲ ਅਧਿਆਪਕਾ ਰਹਿ ਚੁੱਕੇ ਹਨ।
ਇਹ ਮਾਮਲਾ ਸਵੇਰੇ ਉਸ ਵੇਲੇ ਸਾਹਮਣੇ ਆਇਆ ਜਦੋਂ ਸੁਭਾਸ਼ ਅਰੋੜਾ ਦੀ ਭੈਣ ਸੁਸ਼ਮਾ ਉਸ ਨੂੰ ਰੱਖੜੀ ਬੰਨ੍ਹਣ ਘਰ ਆਈ। ਘਰ ਦੇ ਦਰਵਾਜ਼ੇ ਖੁੱਲ੍ਹੇ ਹੋਏ ਸਨ ਅਤੇ ਪਹਿਲੇ ਕਮਰੇ ਦੀ ਦੇਹਲੀ ’ਤੇ ਉਸ ਦੇ ਭਰਾ ਦੀ ਲਾਸ਼ ਪਈ ਸੀ। ਅਗਲੇ ਕਮਰੇ ਵਿੱਚ ਉਸ ਦੀ ਭਰਜਾਈ ਦੀ ਲਾਸ਼ ਪਈ ਸੀ। ਉਸ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਅਤੇ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਦੋਹਾਂ ਨੂੰ ਬਰਫ ਤੋੜਨ ਵਾਲੇ ਸੂਏ ਵਰਗੇ ਕਿਸੇ ਹਥਿਆਰ ਨਾਲ ਕਤਲ ਕੀਤਾ ਗਿਆ ਹੈ। ਕਾਤਲਾਂ ਨੇ ਤੇਜ਼ਧਾਰ ਹਥਿਆਰ ਨਾਲ ਉਨ੍ਹਾਂ ਦੇ ਚਿਹਰਿਆਂ ’ਤੇ ਵਾਰ ਕੀਤੇ। ਪੁਲੀਸ  ਨੂੰ ਇਹ ਵੀ ਸ਼ੱਕ ਹੈ ਕਿ ਬਜ਼ੁਰਗ ਜੋੜੇ ਨੇ ਮੁਲਜ਼ਮਾਂ ਨੂੰ ਪਛਾਣ ਲਿਆ ਸੀ। ਇਸੇ ਲਈ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਇਹ ਦੋਹਰਾ ਕਤਲ ਸਵੇਰੇ ਦਸ ਤੋਂ 11 ਵਜੇ ਦਰਮਿਆਨ ਹੋਇਆ ਦੱਸਿਆ ਗਿਆ ਹੈ। ਮ੍ਰਿਤਕਾਂ ਦੀ ਇੱਕ ਰਿਸ਼ਤੇਦਾਰ ਰੇਨੂੰ ਨੇ ਪੁਲੀਸ ਨੂੰ ਦੱਸਿਆ ਕਿ ਕਮਲੇਸ਼  ਅਰੋੜਾ ਲਗਭਗ 9 ਵਜੇ ਮੱਥਾ ਟੇਕਣ ਲਈ ਗਈ ਸੀ ਤੇ ਪਤੀ-ਪਤਨੀ ਦੋਵੇਂ ਸੁਸ਼ਮਾ ਦੀ ਉਡੀਕ ਕਰ ਰਹੇ ਸਨ।
ਪੁਲੀਸ ਦੇ ਡਿਪਟੀ ਕਮਿਸ਼ਨਰ ਅਮਰੀਕ ਸਿੰਘ ਪਵਾਰ ਨੇ ਦੱਸਿਆ ਕਿ ਇਸ ਦੋਹਰੇ ਕਤਲ ਵਿੱਚ ਕਿਸੇ ਜਾਣਕਾਰ ਦਾ ਹੱਥ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਘਰ ਦੀਆਂ ਅਲਮਾਰੀਆਂ ਖੁੱਲ੍ਹੀਆਂ ਹੋਈਆਂ ਸਨ। ਪੁਲੀਸ ਵੱਲੋਂ ਜਾਂਚ ਜਾਰੀ ਹੈ।