ਪਟਿਆਲਾ, 27 ਨਵੰਬਰ
ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ਵੰਦੇ ਮਾਤਰਮ ਮਹਾਵਿਦਿਆਲਾ ਰੱਖਣਾ ਮੰਦਭਾਗਾ ਹੈ। ਇਸ ਸਬੰਧੀ ਜਲਦੀ ਹੀ ਅਕਾਲੀ ਦਲ ਦੇ ਸੰਸਦ ਮੈਂਬਰਾਂ ਦਾ ਵਫ਼ਦ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੂੰ ਮਿਲੇਗਾ।  ਪ੍ਰੋ. ਚੰਦੂਮਾਜਰਾ ਇੱਥੇ ਪਟਿਆਲਾ ਸ਼ਹਿਰੀ ਦੇ ਨਵ-ਨਿਯੁਕਤ ਪ੍ਰਧਾਨ ਹਰਪਾਲ ਜੁਨੇਜਾ ਦਾ ਸਨਮਾਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਰਤ ਬਹੁ-ਧਰਮੀ, ਬਹੁ-ਭਾਸ਼ਾਈ ਤੇ ਬਹੁ-ਖੇਤਰੀ ਮੁਲਕ ਹੈ। ਇਸ ਤੋਂ ਇਲਾਵਾ  ਦਿਆਲ ਸਿੰਘ ਮਜੀਠੀਆ ਵਰਗੇ ਆਗੂਆਂ ਨੇ ਦੇਸ਼ ਦੇ ਵਿਦਿਅਕ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ, ਲਿਹਾਜ਼ਾ ਅਜਿਹੇ ਵਿਅਕਤੀ ਦੇ ਨਾਂ ’ਤੇ ਬਣੇ ਕਾਲਜ ਦਾ ਨਾਮ ਕਿਸੇ ਹਾਲਤ ਵਿੱਚ ਨਹੀਂ ਬਦਲਣਾ ਚਾਹੀਦਾ।