ਜਲੰਧਰ, ਦਲਿਤ ਭਾਈਚਾਰੇ ਵਿਰੁੱਧ ਦਰਜ ਕੀਤੇ ਗਏ ਝੂਠੇ ਕੇਸਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਸਰਕਰ ਨੂੰ ਚਿਤਾਵਨੀ ਦਿੱਤੀ ਹੈ ਕਿ ਇਨ੍ਹਾਂ ਪਰਚਿਆਂ ਨੂੰ ਰੱਦ ਕਰਵਾਉਣ ਲਈ ਬਸਪਾ ਮੁੜ ਸੜਕਾਂ ’ਤੇ ਉਤਰ ਕੇ ਸਰਕਾਰ ਦਾ ਵਿਰੋਧ ਕਰੇਗੀ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਸਪਾ ਦੇ ਸੂਬਾਈ ਪ੍ਰਧਾਨ ਰਛਪਾਲ ਸਿੰਘ ਰਾਜੂ, ਪੰਜਾਬ ਮਾਮਲਿਆਂ ਦੇ ਇੰਚਾਰਜ ਡਾ. ਮੇਘ ਰਾਜ ਅਤੇ ਐੱਮ.ਐੱਲ. ਤੋਮਰ ਨੇ ਕਿਹਾ ਕਿ ਦੇਸ਼ ਵਿੱਚ ਭਾਜਪਾ ਤੇ ਆਰ.ਐੱਸ.ਐੱਸ. ਵਿਰੁੱਧ ਮਾਹੌਲ ਬਣਦਾ ਜਾ ਰਿਹਾ ਹੈ। ਇਸ ਤੋਂ ਘਬਰਾ ਕੇ ਹੀ ਐੱਸ.ਸੀ./ਐੱਸ.ਟੀ. ਐਕਟ ਨੂੰ ਨਰਮ ਕਰਨ ਦੀ ਸਾਜ਼ਿਸ਼ ਰਚੀ ਗਈ ਸੀ, ਜਿਸ ਨੂੰ ਦਲਿਤ ਭਾਈਚਾਰਾ ਪੂਰੀ ਤਰ੍ਹਾਂ ਸਮਝ ਚੁੱਕਿਆ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਦਲਿਤਾਂ ਦੇ ਹੱਕ ਖੋਹ ਰਹੀ ਹੈ।
ਬਸਪਾ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ ਨੇ ਕਿਹਾ ਕਿ ਕਾਂਗਰਸ ਦੋਹਰੇ ਮਾਪਦੰਡ ਅਪਣਾ ਰਹੀ ਹੈ। ਇੱਕ ਪਾਸੇ ਤਾਂ ਪੰਜਾਬ ਵਿੱਚ ਸ਼ਾਂਤਮਈ ਅੰਦੋਲਨ ਕਰਨ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਧਾਈ ਦੇ ਰਹੇ ਹਨ, ਦੂਜੇ ਪਾਸੇ ਪੰਜਾਬ ਪੁਲੀਸ ਝੂਠੇ ਪਰਚੇ ਦਰਜ ਕਰ ਰਹੀ ਹੈ। ਇਸ ਤੋਂ ਸਪੱਸ਼ਟ ਹੈ ਕਿ ਕਾਂਗਰਸ ਦੀ ਨੀਤੀ ਤੇ ਨੀਅਤ ਸਾਫ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਪਰਚਿਆਂ ਨੂੰ ਤੁਰੰਤ ਖਾਰਜ ਕੀਤਾ ਜਾਵੇ। ਅਜਿਹਾ ਨਾ ਕੀਤੇ ਜਾਣ ’ਤੇ ਦਲਿਤ ਸਮਾਜ ਇਸ ਵਿਰੁੱਧ ਸੜਕਾਂ ’ਤੇ ਉਤਰੇਗਾ। ਬਸਪਾ ਆਗੂਆਂ ਨੇ ਕਿਹਾ ਕਿ 14 ਅਪਰੈਲ ਨੂੰ ਸੂਬੇ ਭਰ ਵਿੱਚ ਪਾਰਟੀ ਡਾ. ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਮਨਾਏਗੀ। ਇਸ ਮੌਕੇ ਦਲਿਤ ਕ੍ਰਾਂਤੀ ਦਲ ਦੇ ਪ੍ਰਧਾਨ ਲਾਲ ਸਿੰਘ ਸੁਲਹਾਣੀ ਸਾਥੀਆਂ ਸਮੇਤ ਬਸਪਾ ਵਿੱਚ ਸ਼ਾਮਲ ਹੋ ਗਏ।
ਇਸ ਮੌਕੇ ਬਸਪਾ ਦੇ ਸੂਬਾ ਸਕੱਤਰ ਤੀਰਥ ਰਾਜਪੁਰਾ, ਬੀਬੀ ਰਚਨਾ ਦੇਵੀ, ਜਲੰਧਰ ਜ਼ੋਨ ਦੇ ਇੰਚਾਰਜ ਬਲਵਿੰਦਰ ਕੁਮਾਰ, ਪ੍ਰਵੀਨ ਬੰਗਾ, ਠੇਕੇਦਾਰ ਭਗਵਾਨ ਦਾਸ, ਰਮੇਸ਼ ਕੌਲ, ਜੱਸੀ, ਅਜੇ ਕਟਾਰੀਆ, ਜਗਦੀਸ਼ ਰਾਣਾ, ਪ੍ਰਸ਼ੋਤਮ ਹੀਰ ਤੇ ਕੁਲਦੀਪ ਬੰਗੜ ਸਮੇਤ ਹੋਰ ਆਗੂ ਵੀ ਹਾਜ਼ਰ ਸਨ।