ਨਵੀਂ ਦਿੱਲੀ,  ਤੀਰਅੰਦਾਜ਼ੀ ਕੋਚ ਜੀਵਨਜੋਤ ਸਿੰਘ ਤੇਜਾ ਦਾ ਨਾਮ ਅਨੁਸ਼ਾਸਨਹੀਣਤਾ ਦੇ ਪੁਰਾਣੇ ਮਾਮਲੇ ਕਾਰਨ ਅੱਜ ਦਰੋਣਾਚਾਰੀਆ ਪੁਰਸਕਾਰਾਂ ਲਈ ਨਾਮਜ਼ਦਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਗਿਆ, ਜਦਕਿ ਖੇਡ ਮੰਤਰਾਲੇ ਨੇ ਉਨ੍ਹਾਂ ਬਾਕੀ ਸਾਰਿਆਂ ਦੇ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ, ਜਿਨ੍ਹਾਂ ਦੀ ਚੋਣ ਕਮੇਟੀ ਵੱਲੋਂ ਖੇਲ ਰਤਨ, ਅਰਜਨ ਐਵਾਰਡ ਅਤੇ ਧਿਆਨਚੰਦ ਪੁਰਸਕਾਰਾਂ ਲਈ ਸਿਫ਼ਾਰਿਸ਼ ਕੀਤੀ ਸੀ।
ਤੇਜਾ ਉਨ੍ਹਾਂ ਪੰਜ ਕੋਚਾਂ ਵਿੱਚ ਸ਼ਾਮਲ ਸੀ, ਜਿਨ੍ਹਾਂ ਦੇ ਨਾਮ ਦੀ ਸਿਫ਼ਾਰਿਸ਼ ਦਰੋਣਾਚਾਰੀਆ ਪੁਰਸਕਾਰ ਲਈ ਕੀਤੀ ਗਈ ਸੀ, ਪਰ ਕੋਰੀਆ ਵਿੱਚ ਵਿਸ਼ਵ ਯੂਨੀਵਰਸਿਟੀ ਖੇਡਾਂ ਦੌਰਾਨ 2015 ਵਿੱਚ ਅਨੁਸ਼ਾਸਨਹੀਣਤਾ ਦੀ ਇੱਕ ਘਟਨਾ ਕਾਰਨ ਉਸ ’ਤੇ ਇੱਕ ਸਾਲ ਦੀ ਪਾਬੰਦੀ ਲੱਗੀ ਸੀ।
ਮੰਤਰਾਲੇ ਦੇ ਸੂਤਰ ਨੇ ਖ਼ਬਰ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ, ‘‘ਤੇਜਾ ’ਤੇ 2015 ਦੀ ਇੱਕ ਘਟਨਾ ਕਾਰਨ ਅਨੁਸ਼ਾਸਨਹੀਣਤਾ ਲਈ ਇੱਕ ਸਾਲ ਦੀ ਪਾਬੰਦੀ ਲੱਗੀ ਸੀ। ਉਹ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਮੁੱਖ ਤੀਰਅੰਦਾਜ਼ੀ ਕੋਚ ਸੀ ਅਤੇ ਭਾਰਤ ਨੂੰ ਦੇਰ ਨਾਲ ਪਹੁੰਚਣ ਕਾਰਨ ਮੈਚ ਗੁਆਉਣਾ ਪਿਆ ਸੀ। ਭਾਰਤੀ ਤੀਰਅੰਦਾਜ਼ੀ ਸੰਘ ਨੇ ਇਸ ਘਟਨਾ ਮਗਰੋਂ ਉਸ ’ਤੇ ਇੱਕ ਸਾਲ ਦੀ ਪਾਬੰਦੀ ਲਗਾਈ ਸੀ।’’
ਤੀਰਅੰਦਾਜ਼ੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਜੇਕਰ ਤੇਜਾ ਦਾ ਨਾਮ ਤਿੰਨ ਸਾਲ ਪਹਿਲਾਂ ਦੀ ਇਸ ਘਟਨਾ ਦੇ ਆਧਾਰ ’ਤੇ ਹਟਾਇਆ ਗਿਆ ਹੈ ਤਾਂ ਇਹ ਉਸ ਨਾਲ ਇਨਸਾਫ਼ ਨਹੀਂ ਹੋਵੇਗਾ।
ਉਸ ਨੇ ਕਿਹਾ, ‘‘ਇਹ ਸੱਚ ਹੈ ਕਿ ਤੇਜਾ ’ਤੇ 2015 ਦੀ ਘਟਨਾ ਮਗਰੋਂ ਇੱਕ ਸਾਲ ਦੀ ਪਾਬੰਦੀ ਲੱਗੀ ਸੀ, ਪਰ ਪਾਬੰਦੀ ਖ਼ਤਮ ਹੋਣ ਮਗਰੋਂ ਉਸ ਨੇ ਚੰਗੇ ਨਤੀਜੇ ਦਿੱਤੇ ਸਨ। ਜੇਕਰ ਇਸ ਘਟਨਾ ਦੇ ਆਧਾਰ ’ਤੇ ਉਸ ਦਾ ਨਾਮ ਹਟਾਇਆ ਗਿਆ ਹੈ ਤਾਂ ਇਹ ਉਸ ਨਾਲ ਅਨਿਆਂ ਹੈ।’’ ਰਾਸ਼ਟਰਪਤੀ ਰਾਮਨਾਥ ਕੋਵਿੰਦ 25 ਸਤੰਬਰ ਨੂੰ ਰਾਸ਼ਟਰਪਤੀ ਭਵਨ ਵਿੱਚ ਖੇਡ ਪੁਰਸਕਾਰ ਦੇਣਗੇ।