ਕੋਟਕਪੂਰਾ, ਪੰਜਾਬ ਦਾ ਨਾਮ ਪੰਜ ਦਰਿਆਵਾਂ ਦੀ ਧਰਤੀ ਹੋਣ ਕਰਕੇ ਪੰਜ-ਆਬ ਤੋਂ ਪਿਆ। ਪਰ ਅੱਜ ਸੂਬੇ ਦੀਆਂ ਸਨਅਤੀ ਇਕਾਈਆਂ ਦਰਿਆਈ ਪਾਣੀਆਂ ਵਿੱਚ ਜ਼ਹਿਰ ਘੋਲ਼ ਰਹੀਆਂ ਹਨ। ਸਨਅਤੀ ਇਕਾਈਆਂ ਦਾ ਕੈਮੀਕਲ ਵਾਲਾ ਪਾਣੀ ਬੁੱਢੇ ਨਾਲੇ ਰਾਹੀਂ ਸਤਲੁਜ ਦਰਿਆ ਵਿੱਚ ਮਿਲ ਕੇ ਸ਼ੁੱਧ ਪਾਣੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਇਹ ਪ੍ਰਦੂਸ਼ਿਤ ਪਾਣੀ ਮਾਲਵਾ ਸਮੇਤ ਰਾਜਸਥਾਨ ਦੇ ਲੋਕਾਂ ਨੂੰ ਗੰਭੀਰ ਬਿਮਾਰੀਆਂ ਦੀ ਲਪੇਟ ਵਿੱਚ ਲੈ ਰਿਹਾ ਹੈ। ਹਕੀਕਤ ਇਹ ਹੈ ਕਿ ਪੰਜਾਬ ਵਿੱਚ ਹੁਣ ਮਨੁੱਖਾਂ ਦੇ ਨਾਲ-ਨਾਲ ਪਸ਼ੂ ਵੀ ਬਿਮਾਰੀਆਂ ਦੀ ਲਪੇਟ ਵਿੱਚ ਆ ਰਹੇ ਹਨ।
ਭਾਈ ਘਨ੍ਹੱਈਆ ਕੈਂਸਰ ਰੋਕੂ ਸੁਸਾਇਟੀ ਫ਼ਰੀਦਕੋਟ ਨੇ ਜਲੰਧਰ ਤੇ ਲੁਧਿਆਣਾ ਦੀਆਂ ਸਨਅਤਾਂ ਵੱਲੋਂ ਦਰਿਆਵਾਂ ਵਿੱਚ ਕੈਮੀਕਲ ਵਾਲਾ ਜ਼ਹਿਰੀਲਾ ਪਾਣੀ ਮਿਕਸ ਕੀਤੇ ਜਾਣ ਬਾਰੇ ਵੇਰਵੇ ਇਕੱਠੇ ਕੀਤੇ ਹਨ। ਸੁਸਾਇਟੀ  ਪ੍ਰਧਾਨ ਗੁਰਪ੍ਰੀਤ ਚੰਦਬਾਜਾ ਤੇ ਮੀਤ ਪ੍ਰਧਾਨ ਵਿਧਾਇਕ ਕੁਲਤਾਰ ਸੰਧਵਾਂ ਨੇ ਉਨ੍ਹਾਂ ਖੇਤਰਾਂ ਦਾ ਦੌਰਾ ਕੀਤਾ, ਜਿਥੋਂ ਫੈਕਟਰੀਆਂ ਦਾ ਗੰਦਾ ਪਾਣੀ ਵਿੱਚ ਦਰਿਆਵਾਂ ਵਿੱਚ ਮਿਲਦਾ ਹੈ। ਵਿਧਾਇਕ ਸੰਧਵਾਂ ਨੇ ਇਸ ਸਬੰਧੀ ਕੁਝ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਗੁਰਪ੍ਰੀਤ ਸਿੰਘ ਮੁਤਾਬਕ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾਣੀਏ ਵਾਲਾ ’ਚ ਦਰਿਆਈ ਪਾਣੀ ਵਿੱਚ ਕੈਮੀਕਲ ਘੁਲ਼ ਰਿਹਾ ਹੈ। ਪਿੰਡ ਦੇ ਸਾਬਕਾ ਸਰਪੰਚ ਬੱਗਾ ਸਿੰਘ ਦਾ ਕਹਿਣਾ ਹੈ ਕਿ ਇਹ ਸਿਲਸਿਲਾ ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਚੱਲ ਰਿਹਾ ਹੈ। ਪ੍ਰਸ਼ਾਸਨ ਨੂੰ ਇਸ ਬਾਰੇ ਪਤਾ ਹੈ ਪਰ ਮਨੁੱਖੀ ਸਿਹਤ ਨੂੰ ਬਚਾਉਣ ਲਈ ਸਰਕਾਰਾਂ ਠੋਸ ਉਪਰਾਲੇ ਨਹੀਂ ਕਰ ਰਹੀਆਂ।
ਬੱਗਾ ਸਿੰਘ ਨੇ ਕਿਹਾ, ‘‘ਭਾਵੇਂ ਮੇਰੀ ਉਮਰ 35 ਸਾਲ ਹੈ ਪਰ ਵਾਲ ਚਿੱਟੇ ਹੋਣ ਕਾਰਨ ਉਮਰ 60 ਸਾਲ ਪ੍ਰਤੀਤ ਹੁੰਦੀ ਹੈ।’’ ਪਿੰਡ ਵਾਸੀ ਕਰਤਾਰ ਸਿੰਘ ਮੁਤਾਬਕ ਦਰਿਆ ਦੇ ਪਾਣੀ ਵਿੱਚ ਗੰਧਲਾ ਪਾਣੀ ਮਿਲਣ ਕਾਰਨ ਮੰਦਬੁੱਧੀ ਬੱਚੇ ਪੈਦਾ ਹੋ ਰਹੇ ਹਨ, ਬੱਚਿਆਂ ਨੂੰ ਛੋਟੀ ਉਮਰੇ ਨਿਗ੍ਹਾ ਦੀਆਂ ਐਨਕਾਂ ਲੱਗ ਰਹੀਆਂ ਹਨ, ਜੋੜਾਂ ਦੇ ਦਰਦਾਂ ਦੀ ਸ਼ਿਕਾਇਤ ਹੋ ਰਹੀ ਹੈ, ਦੰਦਾਂ ’ਤੇ ਪੀਲਾਪਣ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਪੈਰ ਪਸਾਰ ਰਹੀਆਂ ਹਨ।
ਸੁਸਾਇਟੀ ਆਗੂਆਂ ਨੇ ਕਿਹਾ ਕਿ ਸੁਸਾਇਟੀ ਇਕੱਠੇ ਕੀਤੇ ਵੇਰਵੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਪੇਸ਼ ਕਰਕੇ ਕਾਰਵਾਈ ਦੀ ਮੰਗ ਕਰੇਗੀ। ਜੇਕਰ ਸਰਕਾਰ ਨੇ ਸਮੱਸਿਆ ਵੱਲ ਧਿਆਨ ਨਾ ਦਿੱਤਾ ਤਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਜਾਵੇਗੀ।