ਕੈਨੇਡਾ ਵਿੱਚ ਵੱਸਦੇ ਪੰਜਾਬੀ ਪਰਿਵਾਰ ਨਾਲ ਇੱਕ ਭਿਆਨਕ ਹਾਦਸਾ ਵਾਪਰ ਗਿਆ, ਜਿਸ ਨੇ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਨੇੜੇ ਫਤਿਹਗੜ੍ਹ ਛੰਨਾ ਪਿੰਡ ਨੂੰ ਡੂੰਘੇ ਸੋਗ ਵਿੱਚ ਡੁਬੋ ਦਿੱਤਾ ਹੈ। ਇਸ ਹਾਦਸੇ ‘ਚ ਪ੍ਰਦੀਪ ਕੁਮਾਰ ਅਤੇ ਉਸਦੇ 7 ਸਾਲਾਂ ਦੇ ਪੁੱਤ ਹਿਆਂਸ ਦੀ ਭਿਆਨਕ ਮੌਤ ਹੋ ਗਈ, ਜਦਕਿ ਪਤਨੀ ਅੰਸਲਾ ਗੰਭੀਰ ਜ਼ਖ਼ਮੀ ਹੋ ਗਈ ਅਤੇ ਉਸ ਦਾ ਕੈਨੇਡਾ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਅਮਰੀਕਾ ਤੋਂ ਵਾਪਸੀ ਦੌਰਾਨ ਵਾਪਰਿਆ ਹਾਦਸਾ
ਜਾਣਕਾਰੀ ਅਨੁਸਾਰ, ਪ੍ਰਦੀਪ ਕੁਮਾਰ ਨੇ 15 ਸਾਲ ਪਹਿਲਾਂ 12ਵੀਂ ਪਾਸ ਕਰਕੇ ਪਰਿਵਾਰ ਨੂੰ ਖੁਸ਼ਹਾਲ ਬਣਾਉਣ ਲਈ ਕੈਨੇਡਾ ਗਿਆ ਸੀ। ਉੱਥੇ ਕੁਝ ਸਾਲ ਬਾਅਦ ਉਸ ਨੇ ਦਿੱਲੀ ਦੀ ਅੰਸਲਾ ਨਾਲ ਵਿਆਹ ਕਰਵਾਇਆ, ਅਤੇ ਉਨ੍ਹਾਂ ਦਾ ਇੱਕ 7 ਸਾਲਾਂ ਦਾ ਪੁੱਤ ਹਿਆਂਸ ਵੀ ਸੀ। ਕੈਨੇਡਾ ਵਿੱਚ ਉਨ੍ਹਾਂ ਦਾ ਜੀਵਨ ਰੰਗੀਨ ਅਤੇ ਖੁਸ਼ੀਆਂ ਭਰਿਆ ਚੱਲ ਰਿਹਾ ਸੀ। ਹਾਲ ਹੀ ਵਿੱਚ ਉਹ ਵਿਆਹ ਵਰੇਗੰਢ ਮਨਾਉਣ ਲਈ ਪਰਿਵਾਰ ਅਮਰੀਕਾ ਗਿਆ। ਪਰ ਵਾਪਸੀ ਵੇਲੇ ਰਸਤੇ ਵਿੱਚ ਉਨ੍ਹਾਂ ਦੀ ਕਾਰ ਦੀ ਇੱਕ ਟਰੱਕ ਨਾਲ ਭਿਆਨਕ ਟੱਕਰ ਹੋ ਗਈ, ਜਿਸ ਨਾਲ ਪ੍ਰਦੀਪ ਅਤੇ ਉਹਨਾਂ ਦੇ ਪੁੱਤਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅੰਸਲਾ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਇਹ ਦੁਖਦਾਈ ਖ਼ਬਰ ਜਦੋਂ ਫਤਿਹਗ੍ੜ੍ਹ ਛੰਨਾ ਪਹੁੰਚੀ ਤਾਂ ਪੂਰੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਨੇ ਰੋਂਦੇ-ਰੋਂਦੇ ਕਿਹਾ ਕਿ ਪ੍ਰਦੀਪ ਬਹੁਤ ਨਿਮਰ, ਸਮਝਦਾਰ ਅਤੇ ਮਿਲਣਸਾਰ ਆਦਮੀ ਸੀ। ਉਸਦੀ ਮਿੱਠੀ ਬੋਲੀ ਅਤੇ ਹੱਸਮੁਖ ਸੁਭਾਅ ਹਰ ਇੱਕ ਦਾ ਦਿਲ ਜਿੱਤ ਲੈਂਦਾ ਸੀ।