ਬਠਿੰਡਾ, ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਅੱਜ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਅਕਾਲੀ ਨੇਤਾ ਬਲਵਿੰਦਰ ਸਿੰਘ ਭੂੰਦੜ ਨੂੰ ਤਿੰਨ ਦਿਨ ਦੀ ਧਾਰਮਿਕ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਨੂੰ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਫ਼ੋਨ ’ਤੇ ਹੀ ਤਲਬ ਕੀਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜ ਪਿਆਰਿਆਂ ਦੇ ਸਨਮੁੱਖ ਹੋ ਕੇ ਸ਼ਾਮ ਕਰੀਬ ਸਾਢੇ ਛੇ ਵਜੇ ਭੂੰਦੜ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਬੋਹਰ ਰੈਲੀ ’ਚ ‘ਬਾਦਸ਼ਾਹ ਦਰਵੇਸ਼’ ਆਖੇ ਜਾਣ ’ਤੇ ਮੁਆਫ਼ੀ ਮੰਗੀ। ਉਨ੍ਹਾਂ ਲਿਖਤੀ ਅਤੇ ਜ਼ੁਬਾਨੀ ਤੌਰ ’ਤੇ ਆਪਣੀ ਗ਼ਲਤੀ ਦਾ ਅਹਿਸਾਸ ਕਰਦੇ ਹੋਏ ਮੁਆਫ਼ੀ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਭੂੰਦੜ ਨੇ ਅਬੋਹਰ ’ਚ ਸ਼੍ਰੋਮਣੀ ਅਕਾਲੀ ਦਲ ਦੀ ਪੋਲ ਖੋਲ੍ਹ ਰੈਲੀ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੂੰ ਵਡਿਆਉਂਦਿਆਂ ‘ਬਾਦਸ਼ਾਹ ਦਰਵੇਸ਼’ ਤੱਕ ਆਖ ਦਿੱਤਾ ਸੀ। ਉਸ ਮਗਰੋਂ ਉਨ੍ਹਾਂ ਖ਼ਿਲਾਫ਼ ਬਾਜਾਖਾਨਾ ਅਤੇ ਸੋਹਾਣਾ ਦੇ ਪੁਲੀਸ ਥਾਣਿਆਂ ਵਿੱਚ ਸ਼ਿਕਾਇਤਾਂ ਵੀ ਦਰਜ ਹੋਈਆਂ ਸਨ। ਪੰਥਕ ਆਗੂਆਂ ਨੇ ਵੀ ਇਸ ਦੀ ਸਖ਼ਤ ਨੁਕਤਾਚੀਨੀ ਕੀਤੀ ਸੀ ਅਤੇ ਇਹ ਮਾਮਲਾ ਤੂਲ ਫੜਨ ਲੱਗਾ ਸੀ। ਤਖ਼ਤ ’ਤੇ ਪੇਸ਼ ਹੋਣ ਸਮੇਂ ਭੂੰਦੜ ਨਾਲ ਬਠਿੰਡਾ ਅਤੇ ਮਾਨਸਾ ਦੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਹਾਜ਼ਰ ਸਨ। ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਉਨ੍ਹਾਂ ਆਖਿਆ ਕਿ ਉਹ ਅਕਸਰ ਹੀ ਸ੍ਰੀ ਬਾਦਲ ਨੂੰ ‘ਦਰਵੇਸ਼ ਸਿਆਸਤਦਾਨ’ ਨਾਲ ਸੰਬੋਧਨ ਕਰਦੇ ਹਨ ਪ੍ਰੰਤੂ ਅਬੋਹਰ ਰੈਲੀ ਵਿੱਚ ਉਨ੍ਹਾਂ ਅਨਜਾਣੇ ਵਿੱਚ ਹੀ ਸ੍ਰੀ ਬਾਦਲ ਨੂੰ ‘ਬਾਦਸ਼ਾਹ ਦਰਵੇਸ਼’ ਨਾਲ ਸੰਬੋਧਨ ਕੀਤਾ ਜੋ ਉਨ੍ਹਾਂ ਦੀ ਭੁੱਲ ਸੀ ਅਤੇ ਇੰਜ ਨਹੀਂ ਕਹਿਣਾ ਚਾਹੀਦਾ ਸੀ। ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਭੂੰਦੜ ਨੂੰ ਸਿੱਖ ਪਰੰਪਰਾ ਅਤੇ ਮਰਯਾਦਾ ਅਨੁਸਾਰ ਤਿੰਨ ਦਿਨ ਦੀ ਹੱਥੀਂ ਸੇਵਾ ਅਤੇ ਕੀਰਤਨ ਸੁਣਨ ਦੀ ਧਾਰਮਿਕ ਸੇਵਾ ਲਾਈ ਗਈ ਹੈ ਜਿਸ ਤਹਿਤ ਭੂੰਦੜ ਤਿੰਨ ਦਿਨ ਰੋਜ਼ਾਨਾ ਇੱਕ ਘੰਟਾ ਕੀਰਤਨ ਸੁਣਨਗੇ ਅਤੇ ਜੋੜਾ ਘਰ ਵਿੱਚ ਜੋੜੇ ਅਤੇ ਲੰਗਰ ਵਿੱਚ ਬਰਤਨ ਸਾਫ਼ ਕਰਨਗੇ। ਧਾਰਮਿਕ ਸਜ਼ਾ ਦੌਰਾਨ ਭੂੰਦੜ ਜਪੁਜੀ ਸਾਹਿਬ ਦੇ 11 ਪਾਠ ਵੀ ਕਰਨਗੇ। ਜਥੇਦਾਰ ਨੇ ਦੱਸਿਆ ਕਿ ਦੇਸ਼-ਵਿਦੇਸ਼ ਤੋਂ ਉਨ੍ਹਾਂ ਨੂੰ ਸਿੱਖ ਸੰਗਤ ਦੇ ਲਗਾਤਾਰ ਫ਼ੋਨ ਆ ਰਹੇ ਸਨ ਜਿਸ ਮਗਰੋਂ ਉਨ੍ਹਾਂ ਅੱਜ ਸਵੇਰੇ ਹੀ ਭੂੰਦੜ ਨੂੰ ਫ਼ੋਨ ਕਰਕੇ ਸਪਸ਼ਟੀਕਰਨ ਦੇਣ ਦੀ ਹਦਾਇਤ ਕੀਤੀ ਸੀ। ਸੰਸਦ ਮੈਂਬਰ ਭੂੰਦੜ ਨੇ ਆਖਿਆ ਕਿ ਉਹ 20 ਸਤੰਬਰ ਤੋਂ ਬਾਅਦ ਤਖ਼ਤ ਦਮਦਮਾ ਸਾਹਿਬ ’ਤੇ ਤਿੰਨ ਦਿਨ ਸੇਵਾ ਕਰਨਗੇ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਚੱਲ ਰਹੀਆਂ ਹਨ ਅਤੇ ਉਸ ਮਗਰੋਂ ਹੀ ਭੂੰਦੜ ਸਮਾਂ ਕੱਢਣਗੇ। ਚਰਚੇ ਇਸ ਗੱਲ ਦੇ ਵੀ ਹਨ ਕਿ ਤਖ਼ਤ ਤੋਂ ਭੂੰਦੜ ਨੂੰ ਤਲਬ ਕੀਤੇ ਜਾਣ ਦਾ ਵਿਧੀ ਵਿਧਾਨ ਠੀਕ ਨਹੀਂ ਜਾਪਦਾ ਹੈ ਕਿਉਂਕਿ ਤਲਬੀ ਫ਼ੋਨ ’ਤੇ ਹੀ ਕੀਤੀ ਗਈ ਹੈ। ਦੂਜੇ ਪਾਸੇ ਭੂੰਦੜ ਵੀ ਇਸ ਮਾਮਲੇ ਨੂੰ ਛੇਤੀ ਨਿਪਟਾਉਣਾ ਚਾਹੁੰਦੇ ਸਨ।
ਸ਼੍ਰੋਮਣੀ ਕਮੇਟੀ ਮੈਂਬਰਾਂ ਲਈ ਬੇਅਦਬੀ ਨਾਲੋਂ ਮੁਆਫ਼ੀ ਮਾਮਲਾ ਤਰਜੀਹੀ
ਬਠਿੰਡਾ-ਮਾਨਸਾ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਅੱਜ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦਾ ਪਤਾ ਲੱਗਣ ’ਤੇ ਪਿੰਡ ਰਾਮਨਗਰ ਵਿੱਚ ਜਾਣ ਤੋਂ ਪਾਸਾ ਵੱਟਿਆ ਅਤੇ ਐਮਪੀ ਭੂੰਦੜ ਦੇ ਮੁਆਫ਼ੀ ਮਾਮਲੇ ਨੂੰ ਤਰਜੀਹ ਦਿੱਤੀ। ਸ਼੍ਰੋਮਣੀ ਕਮੇਟੀ ਮੈਂਬਰ ਉਨ੍ਹਾਂ ਦੇ ਇੰਤਜ਼ਾਰ ਵਿੱਚ ਲੰਮਾ ਸਮਾਂ ਤਖ਼ਤ ਸਾਹਿਬ ’ਤੇ ਬੈਠੇ ਰਹੇ। ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਗੁਰਤੇਜ ਸਿੰਘ ਢੱਡੇ ਦਾ ਕਹਿਣਾ ਸੀ ਕਿ ਜਦੋਂ ਉਨ੍ਹਾਂ ਨੂੰ ਬੇਅਦਬੀ ਦੀ ਘਟਨਾ ਦਾ ਪਤਾ ਲੱਗਾ ਤਾਂ ਉਦੋਂ ਦਾਦੂਵਾਲ ਵਗ਼ੈਰਾ ਰਾਮਨਗਰ ’ਚ ਬੋਲ ਰਹੇ ਸਨ ਅਤੇ ਉਨ੍ਹਾਂ ਕਿਸੇ ਵਿਵਾਦ ਦੇ ਡਰੋਂ ਰਾਮਨਗਰ ਜਾਣੋਂ ਟਾਲਾ ਵੱਟਿਆ। ਉਦੋਂ ਹੀ ਤਖ਼ਤ ਸਾਹਿਬ ਤੋਂ ਪੰਜ ਪਿਆਰੇ ਰਾਮਨਗਰ ਚਲੇ ਗਏ ਸਨ।