ਹੁਸ਼ਿਆਰਪੁਰ, 25 ਜਨਵਰੀ
ਤੁਰਕੀ ਵਿੱਚ ਭੇਤਭਰੀ ਹਾਲਤ ਵਿੱਚ ਮਰੇ ਗੜ੍ਹਸ਼ੰਕਰ ਦੇ 28 ਸਾਲਾ ਨੌਜਵਾਨ ਦੇ ਮਾਪਿਆਂ ਨੇ ਉਸ ਨੂੰ ਵਿਦੇਸ਼ ਭੇਜਣ ਵਾਲੇ ਟਰੈਵਲ ਏਜੰਟ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਮ੍ਰਿਤਕ ਨਵਜੀਤ ਸਿੰਘ ਹਨੀ ਦੇ ਪਿਤਾ ਬਲਵਿੰਦਰ ਸਿੰਘ, ਮਾਤਾ ਨਿਰਮਲ ਕੌਰ ਤੇ ਭੈਣ ਅਮਨਜੋਤ ਕੌਰ ਨੇ ਅੱਜ ਇੱਥੇ ਰੋਸ ਪ੍ਰਗਟਾਇਆ ਕਿ ਪੁਲੀਸ ਉਨ੍ਹਾਂ ਦੀ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਕਰ ਰਹੀ ਹੈ, ਬਲਕਿ ਅਸਿੱਧੇ ਢੰਗ ਨਾਲ ਉਨ੍ਹਾਂ ਨੂੰ ਮੁਲਜ਼ਮ ਨਾਲ ਰਾਜ਼ੀਨਾਮਾ ਕਰਨ ਲਈ ਕਿਹਾ ਜਾ ਰਿਹਾ ਹੈ। ਪਰਿਵਾਰ ਨੇ ਦੱਸਿਆ ਕਿ ਹਨੀ ਪਿਛਲੇ ਸਾਲ 21 ਨਵੰਬਰ ਨੂੰ ਜੌਰਜੀਆ ਗਿਆ ਸੀ, ਜਿੱਥੋਂ ਵੇਰੋਕੇ (ਡੇਰਾ ਬਾਬਾ ਨਾਨਕ) ਦੇ ਇਕ ਟਰੈਵਲ ਏਜੰਟ ਨੇ ਡੇਢ ਲੱਖ ਰੁਪਏ ਲੈ ਕੇ ਤੁਰਕੀ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ 28 ਨਵੰਬਰ ਨੂੰ ਹਨੀ ਨੇ ਘਰ ਗੱਲ ਕੀਤੀ ਸੀ। ਦੋ ਦਸੰਬਰ ਨੂੰ ਉਸ ਨਾਲ ਸੰਪਰਕ ਨਹੀਂ ਹੋਇਆ।
ਕੁਝ ਦਿਨ ਬਾਅਦ ਏਜੰਟ ਦੇ ਇਕ ਸਾਥੀ ਨੇ ਨਿਊਜ਼ੀਲੈਂਡ ਰਹਿੰਦੇ ਹਨੀ ਦੇ ਭਰਾ ਜਗਜੀਤ ਸਿੰਘ ਨੂੰ ਹਨੀ ਦੀ ਮ੍ਰਿਤਕ ਦੇਹ ਦੀ ਫੋਟੋ ਭੇਜ ਕੇ ਦੱਸਿਆ ਕਿ ਉਸ ਦੀ ਮੌਤ ਹੋ ਗਈ ਹੈ। 17 ਦਸੰਬਰ ਨੂੰ ਤੁਰਕੀ ਦੇ ਦੂਤਾਵਾਸ ਨੇ ਹਨੀ ਦੀ ਲਾਸ਼ ਪਹੁੰਚਾ ਦਿੱਤੀ।
ਪਰਿਵਾਰ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਉਨ੍ਹਾਂ ਦੇ ਲੜਕੇ ਦਾ ਕਤਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਏਜੰਟ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਗਿਆ। ਉਨ੍ਹਾਂ ਪੁਲੀਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਪਰਿਵਾਰ ਨੇ ਦੱਸਿਆ ਕਿ ਹਨੀ ਨੇ ਕੌਮੀ ਪੱਧਰ ਤੱਕ ਕੁਸ਼ਤੀ ਮੁਕਾਬਲੇ ਲੜੇ ਸਨ।