ਧਰਮਸ਼ਾਲਾ, 29 ਸਤੰਬਰ

ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਬਾਰੇ ਕੌਂਸਲ ਦੇ ਚੱਲ ਰਹੇ 48ਵੇਂ ਇਜਲਾਸ ਦੌਰਾਨ ਇਸ ਆਲਮੀ ਸੰਸਥਾ ਦੇ ਮੈਂਬਰਾਂ ਨੇ ਚੀਨ ਨੂੰ ਸੱਦਾ ਦਿੱਤਾ ਹੈ ਕਿ ਉਹ ਤਿੱਬਤ ਵਿੱਚ ਮਾਨਵੀ ਹੱਕਾਂ ਦਾ ਸਤਿਕਾਰ ਕਰੇ। ਕੇਂਦਰੀ ਤਿੱਬਤੀ ਪ੍ਰਸ਼ਾਸਨ (ਸੀਟੀਏ) ਵੱਲੋਂ ਜਾਰੀ ਇਕ ਪੋਸਟ ਮੁਤਾਬਕ ਡੈਨਮਾਰਕ, ਜਰਮਨੀ, ਨੀਦਰਲੈਂਡਜ਼, ਸਵੀਡਨ, ਸਵਿਟਜ਼ਰਲੈਂਡ, ਅਮਰੀਕਾ ਤੇ ਯੂਰੋਪੀਅਨ ਯੂਨੀਅਨ ਦੇ ਵਫ਼ਦ ਨੇ ਕੌਂਸਲ ਦੇ 26 ਮੈਂਬਰਾਂ ਵੱਲੋਂ ਤਿੱਬਤ ਦੀ ਮੁਖਤਿਆਰੀ ਨੂੰ ਲੈ ਕੇ ਆਪਣੇ ਫ਼ਿਕਰ ਜ਼ਾਹਿਰ ਕਰਦਿਆਂ ਚੀਨ ਨੂੰ ਸੱਦਾ ਦਿੱਤਾ ਹੈ ਕਿ ਉਹ ਤਿੱਬਤ, ਸ਼ਿਨਜਿਆਂਗ ਤੇ ਹਾਂਗ ਕਾਂਗ ਵਿੱਚ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰੇ। ਮਨੁੱਖੀ ਹੱਕਾਂ ਬਾਰੇ ਹਾਲਾਤ ਨੂੰ ਲੈ ਕੇ ਜਾਰੀ ਬਿਆਨ ਵਿੱਚ ਅਮਰੀਕਾ ਨੇ ਯੂਐੱਨ ਮਨੁੱਖੀ ਅਧਿਕਾਰ ਕੌਂਸਲ ਤੋਂ ਫੌਰੀ ਇਸ ਪਾਸੇ ਧਿਆਨ ਦੀ ਮੰਗ ਕਰਦਿਆਂ ਚੀਨ ਵੱਲੋਂ ਕੀਤੀ ਜਾ ਰਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਆਰਥਿਕ ਸ਼ੋਸ਼ਣ, ਸਿਲਸਿਲੇਵਾਰ ਨਸਲਵਾਦ ਤੇ ਸਭਿਆਚਾਰਕ ਵਿਰਾਸਤ ਦੀ ਭੰਨਤੋੜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।