ਫ਼ਤਹਿਗੜ੍ਹ ਸਾਹਿਬ, ਬੀਤੀ ਦੇਰ ਰਾਤ ਸਰਹਿੰਦ-ਚੰਡੀਗੜ੍ਹ ਬਾਈਪਾਸ ਨਜ਼ਦੀਕ ਸੰਧੂ ਹਸਪਤਾਲ ਕੋਲ ਤਿੰਨ ਗੱਡੀਆਂ ਦੇ ਆਪਸ ਵਿੱਚ ਟਕਰਾਉਣ ਕਾਰਨ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਬਰਾੜ ਸਮੇਤ ਤਿੰਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਭਰਤੀ ਕਰਵਾਇਆ ਗਿਆ ਜਿੱਥੋਂ ਸ੍ਰੀ ਬਰਾੜ ਅਤੇ ਉਨ੍ਹਾਂ ਦੇ ਡਰਾਈਵਰ ਨੂੰ ਮੁੱਢਲੀ ਡਾਕਟਰੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਜਦੋਂ ਕਿ ਇਕ ਕਾਰ ਡਰਾਈਵਰ ਜ਼ੇਰੇ ਇਲਾਜ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਲੋਕ ਸਭਾ ਮੈਂਬਰ ਟੈਕਸੀ ਨੰਬਰ ਪੀਬੀ 01-ਬੀ- 2749 ਰਾਹੀਂ ਮੁਹਾਲੀ ਤੋਂ ਮਾਲੇਰਕੋਟਲਾ ਵੱਲ ਜਾ ਰਹੇ ਸਨ ਜਦੋਂ ਉਨ੍ਹਾਂ ਦੀ ਗੱਡੀ ਸ਼ਮਸ਼ੇਰ ਨਗਰ ਕੋਲ ਪਹੁੰਚੀ ਤਾਂ ਸਾਹਮਣਿਓਂ ਆ ਰਹੀ ਇਕ ਸਵਿਫ਼ਟ ਕਾਰ ਚਾਲਕ ਨੇ ਪਹਿਲਾਂ ਇਕ ਸਫ਼ਾਰੀ ਗੱਡੀ ਅਤੇ ਟਵੇਰਾ ਗੱਡੀ ਨੂੰ ਟੱਕਰ ਮਾਰੀ ਅਤੇ ਬਾਅਦ ਵਿੱਚ ਸ੍ਰੀ ਬਰਾੜ ਦੀ ਗੱਡੀ ਨਾਲ ਟਕਰਾ ਗਈ। ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਸਵਿਫ਼ਟ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।