ਹਰਾਰੇ, ਗਲੈਨ ਮੈਕਸਵੈੱਲ (56) ਦੇ ਨੀਮ ਸੈਂਕੜੇ ਦੀ ਬਦੌਲਤ ਆਸਟਰੇਲੀਆ ਨੇ ਟੀ-20 ਤਿਕੋਣੀ ਲੜੀ ਵਿੱਚ ਅੱਜ ਇਥੇ ਮੇਜ਼ਬਾਨ ਜ਼ਿੰਬਾਬਵੇ ਨੂੰ ਕਰੀਬੀ ਮੁਕਾਬਲੇ ਵਿੱਚ ਪੰਜ ਵਿਕਟਾਂ ਦੀ ਸ਼ਿਕਸਤ ਦਿੱਤੀ। ਜ਼ਿੰਬਾਬਵੇ ਨੇ ਸਲਾਮੀ ਬੱਲੇਬਾਜ਼ ਸੋਲੋਮਨ ਮੀਰ ਵੱਲੋਂ ਬਣਾਈਆਂ 63 ਦੌੜਾਂ ਦੀ ਮਦਦ ਨਾਲ ਨਿਰਧਾਰਿਤ 20 ਓਵਰਾਂ ਵਿੱਚ ਨੌਂ ਵਿਕਟਾਂ ਦੇ ਨੁਕਸਾਨ ਨਾਲ 151 ਦੌੜਾਂ ਬਣਾਈਆਂ।
ਇਸ ਟੀਚੇ ਨੂੰ ਆਸਟਰੇਲੀਆ ਨੇ 19.5 ਓਵਰਾਂ ਵਿੱਚ ਪੰਜ ਵਿਕਟਾਂ ’ਤੇ 154 ਦੌੜਾਂ ਬਣਾ ਕੇ ਪੂਰਾ ਕਰ ਲਿਆ। ਮੈਕਸਵੈੱਲ ਨੈ ਟੀ-20 ਕੌਮਾਂਤਰੀ ਮੁਕਾਬਲੇ ਵਿੱਚ ਲਗਪਗ ਛੇ ਮਹੀਨੇ ਮਗਰੋਂ ਨੀਮ ਸੈਂਕੜਾ ਜੜਿਆ ਹੈ। ਆਸਟਰੇਲੀਆ ਦੀ ਚਾਰ ਮੈਚਾਂ ਵਿੱਚ ਤੀਜੀ ਜਿੱਤ ਹੈ। ਐਤਵਾਰ ਨੂੰ ਲੜੀ ਦੇ ਖ਼ਿਤਾਬੀ ਮੁਕਾਬਲੇ ’ਚ ਆਸਟਰੇਲੀਆ ਦਾ ਟਾਕਰਾ ਪਾਕਿਸਤਾਨ ਨਾਲ ਹੋਵੇਗਾ।