ਕਾਬੁਲ— ਤਾਲਿਬਾਨ ਨੇ ਆਜ਼ਾਦ ਹੋਏ ਕੈਨੇਡੀਅਨ ਬੰਧਕ ਜੋਸ਼ੂ ਬੋਇਲ ਦੇ ਦਾਅਵਿਆਂ ਨੂੰ ਖਾਰਿਜ ਕੀਤਾ ਹੈ, ਜਿਸ ‘ਚ ਉਸ ਨੇ ਕਿਹਾ ਸੀ ਕਿ ਅਗਵਾਕਾਰਾਂ ਨੇ ਉਸ ਦੇ ਬੱਚੇ ਦੀ ਹੱਤਿਆ ਕਰ ਦਿੱਤੀ ਤੇ ਪਰਿਵਾਰ ਦੀ ਗੁਲਾਮੀ ਦੌਰਾਨ ਉਸ ਦੀ ਪਤਨੀ ਨਾਲ ਬਲਾਤਕਾਰ ਕੀਤਾ ਤੇ ਉਸ ਦਾ ਕੁਦਰਤੀ ਗਰਭਪਾਤ ਵੀ ਕਰਵਾਇਆ। 
ਬੋਇਲ ਤੇ ਉਸ ਦੀ ਅਮਰੀਕਨ ਪਤਨੀ ਕੈਟਾਲਨ ਕੋਲਮੈਨ ਨੂੰ 2012 ‘ਚ ਅਫਗਾਨਿਸਤਾਨ ‘ਚ ਹਾਈਕਿੰਗ ਦੌਰਾਨ ਬੰਦੀ ਬਣਾਇਆ ਗਿਆ ਸੀ ਤੇ ਉਸ ਨੂੰ ਹੱਕਾਨੀ ਨੈੱਟਵਰਕ ਨੂੰ ਸੌਂਪ ਦਿੱਤਾ ਗਿਆ ਸੀ। ਕੈਦੀ ਪਰਿਵਾਰ ਨੂੰ ਤਿੰਨ ਬੱਚਿਆਂ ਸਮੇਤ ਬੁੱਧਵਾਰ ਨੂੰ ਪਾਕਿਸਤਾਨ ਦੀ ਕਾਰਵਾਈ ਦੀ ਮਦਦ ਨਾਲ ਆਜ਼ਾਦ ਕਰਵਾਇਆ ਗਿਆ ਤੇ ਪੀੜਤ ਪਰਿਵਾਰ ਹੁਣ ਕੈਨੇਡਾ ‘ਚ ਹੈ।
ਸ਼ੁੱਕਰਵਾਰ ਨੂੰ ਟੋਰਾਂਟੋ ਪਹੁੰਚਣ ਤੋਂ ਬਾਅਦ ਬੋਇਲ ਨੇ ਬੇਟੀ ਦੀ ਹੱਤਿਆ ਤੇ ਪਤਨੀ ਨਾਲ ਬਲਾਤਕਾਰ ਦੇ ਦੋਸ਼ ਤਾਲਿਬਾਨ ‘ਤੇ ਲਾਏ ਸਨ, ਜਿਸ ‘ਤੇ ਤਾਲਿਬਾਨ ਨੇ ਕਿਹਾ ਕਿ ਇਹ ਸਾਰੇ ਇਲਜ਼ਾਨ ਝੂਠੇ ਹਨ। ਹੱਕਾਨੀ ਨੈੱਟਵਰਕ ਦੇ ਬੁਲਾਰੇ ਨੇ ਕਿਹਾ ਕਿ ਕੈਦ ਦੌਰਾਨ ਦੋਵਾਂ ਨੂੰ ਵੱਖ ਨਹੀਂ ਕੀਤਾ ਗਿਆ ਸੀ। ਬੁਲਾਰੇ ਨੇ ਕਿਹਾ ਕਿ ਔਰਤ ਇਕ ਵਾਰ ਬੀਮਾਰ ਸੀ ਤੇ ਇਲਾਕੇ ‘ਚ ਕੋਈ ਡਾਕਟਰ ਨਾ ਹੋਣ ਕਾਰਨ ਔਰਤ ਦੀ ਹਾਲਤ ਗੰਭੀਰ ਹੋ ਗਈ ਤੇ ਇਸ ਦੌਰਾਨ ਉਸ ਦਾ ਕੁਦਰਤੀ ਗਰਭਪਾਕਤ ਹੋਇਆ ਸੀ। 
ਹੱਕਾਨੀ ਗਰੁੱਪ ਦੇ ਮੁਖੀ ਸਿਰਾਜੁਦੀਨ ਹੱਕਾਨੀ ਨੇ ਕਿਹਾ ਕਿ ਮੀਡੀਆ ‘ਚ ਆ ਰਹੀਆਂ ਖਬਰਾਂ ਦਾ ਅਸਲੀਅਤ ਨਾਲ ਕੋਈ ਵਾਸਤਾ ਨਹੀਂ ਹੈ। ਬੋਇਲ ਨੇ ਕੁਝ ਵੇਰਵਿਆਂ ‘ਤੇ ਜਾਣਕਾਰੀ ਦਿੰਦਿਆ ਕਿਹਾ ਸੀ ਕਿ ਉਸ ਦੀ ਬੇਟੀ ਦੀ ਹੱਤਿਆ ਤੇ ਉਸ ਦੀ ਪਤਨੀ ਨਾਲ ਬਲਾਤਕਾਰ 2014 ‘ਚ ਹੋਇਆ ਸੀ।