ਜਲੰਧਰ, ਇੱਥੇ ਪੀਏਪੀ ਵਿੱਚ ਚੱਲ ਰਹੀ 67ਵੀਂ ਆਲ ਇੰਡੀਆ ਪੁਲੀਸ ਹਾਕੀ ਚੈਂਪੀਅਨਸ਼ਿਪ ਦੇ ਤੀਜੇ ਦਿਨ ਬਹੁਤ ਹੀ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਤਾਮਿਲਨਾਡੂ ਪੁਲੀਸ ਨੇ ਰਾਜਸਥਾਨ ਪੁਲੀਸ ਨੂੰ ਵੱਡੇ ਫ਼ਰਕ ਨਾਲ ਹਰਾਇਆ। ਤਾਮਿਲਨਾਡੂ ਦੀ ਟੀਮ ਨੇ ਰਾਜਸਥਾਨ ਨੂੰ ਇੱਕ ਵੀ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ। ਤਾਮਿਲਨਾਡੂ ਦੀ ਟੀਮ ਨੇ ਤਾਬੜ-ਤੋੜ ਹਮਲੇ ਕਰਦਿਆਂ 26-0 ਗੋਲਾਂ ਨਾਲ ਮੈਚ ਜਿੱਤ ਲਿਆ। ਉੜੀਸਾ ਨੇ ਪੱਛਮੀ ਬੰਗਾਲ ਦੀ ਟੀਮ ਨੂੰ 7-2 ਗੋਲਾਂ ਦੇ ਫ਼ਰਕ ਨਾਲ ਹਰਾਇਆ। ਸੀਆਈਐਸਐਫ ਦੀ ਟੀਮ ਨੇ ਝਾਰਖੰਡ ਪੁਲੀਸ ਨੂੰ 3-0 ਗੋਲਾਂ ਦੇ ਫ਼ਰਕ ਨਾਲ ਹਰਾਇਆ। ਆਰਪੀਐਫ਼ ਨੇ ਚੰਡੀਗੜ੍ਹ ਨੂੰ 4-2 ਗੋਲਾਂ ਦੇ ਫ਼ਰਕ ਨਾਲ ਤੇ ਉੜੀਸਾ ਦੀ ਟੀਮ ਨੇ ਮੱਧ ਪ੍ਰਦੇਸ਼ ਦੀ ਟੀਮ ਨੂੰ 5-1 ਗੋਲਾਂ ਅਤੇ ਬਿਹਾਰ ਨੇ ਹਰਿਆਣਾ ਨੂੰ 4-3 ਗੋਲਾਂ ਦੇ ਫ਼ਰਕ ਨਾਲ ਹਰਾਇਆ। ਇਸ ਮੌਕੇ ਪੰਜਾਬ ਪੁਲੀਸ ਦੇ ਸੀਨੀਅਰ ਤੇ ਕਈ ਸੇਵਾਮੁਕਤ ਹੋ ਚੁੱਕੇ ਹਾਕੀ ਦੇ ਸਾਬਕਾ ਖਿਡਾਰੀਆਂ ਨੇ ਮੈਚਾਂ ਦਾ ਲੁਤਫ਼ ਉਠਾਇਆ।