ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਕੁਮਾਰ ਜਾਖੜ ਸਮੇਤ ਪੰਜ ਵਿਧਾਇਕਾਂ ਦੀ ਹੋਈ ਮੀਟਿੰਗ ਦੀ ਸੱਤਾ ਦੇ ਗਲਿਆਰਿਆਂ ਵਿੱਚ ਚਰਚਾ ਹੈ। ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਲੰਘੇ ਹਫ਼ਤੇ ਹੋਈ ਇਸ ਮੀਟਿੰਗ ਵਿੱਚ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸੁਖਜਿੰਦਰ ਸਿੰਘ ਰੰਧਾਵਾ, ਹਰਪ੍ਰਤਾਪ ਸਿੰਘ ਅਜਨਾਲਾ, ਪਰਗਟ ਸਿੰਘ ਅਤੇ ਕੁਸ਼ਲਦੀਪ ਸਿੰਘ ਢਿੱਲੋਂ ਸ਼ਾਮਲ ਹੋਏ ਸਨ। ਇਹ ਮੀਟਿੰਗ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ਼ ਕਾਰਵਾਈ ਕਰਨ ਦੀ ਮੰਗ ਸਬੰਧੀ 40 ਵਿਧਾਇਕਾਂ ਵੱਲੋਂ ਲਿਖੇ ਪੱਤਰ ਦੇ ਅਸਰ ਵਜੋਂ ਬੁਲਾਈ ਗਈ ਸੀ। ਸੂਤਰਾਂ ਦਾ ਦੱਸਣਾ ਹੈ ਕਿ ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਤੇ ਵਿਧਾਇਕਾਂ ਵਿਚਾਲੇ ਤਲਖੀ ਭਰਿਆ ਮਾਹੌਲ ਰਿਹਾ। ਸ੍ਰੀ ਜਾਖੜ ਅਤੇ ਕੁਸ਼ਲਦੀਪ ਸਿੰਘ ਢਿੱਲੋਂ ਨੇ ਮਾਹੌਲ ਨੂੰ ਸ਼ਾਂਤਮਈ ਰੱਖਣ ’ਚ ਭੂਮਿਕਾ ਨਿਭਾਈ। ਇਸ ਮੀਟਿੰਗ ਦਾ ਅਹਿਮ ਪਹਿਲੂ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕਾਂ ਦੇ ਦਬਾਅ ਅੱਗੇ ਝੁਕਦਿਆਂ ਸੀਨੀਅਰ ਆਈਪੀਐਸ ਅਧਿਕਾਰੀ ਨੌਨਿਹਾਲ ਸਿੰਘ ਨੂੰ ਆਈ.ਜੀ. ਜ਼ੋਨਲ ਅੰਮ੍ਰਿਤਸਰ ਤੋਂ ਤਬਦੀਲ ਕਰ ਦਿੱਤਾ। ਇਸੇ ਤਰ੍ਹਾਂ ਗੁਰਦਾਸਪੁਰ ਦੇ ਐਸਐਸਪੀ ਅਤੇ ਡਿਪਟੀ ਕਮਿਸ਼ਨਰ ਦੀ ਬਦਲੀ ਵੀ ਇਸੇ ਮੀਟਿੰਗ ਦਾ ਸਿੱਟਾ ਮੰਨੀ ਜਾ ਰਹੀ ਹੈ।
ਸੂਤਰਾਂ ਦਾ ਦੱਸਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕਾਂ ਨੂੰ ਪੱਤਰ ਲਿਖੇ ਜਾਣ ਦੇ ਮਾਮਲੇ ’ਤੇ ਕਿਹਾ ਕਿ ਇਸ ਦੀ ਕੋਈ ਜ਼ਰੂਰਤ ਨਹੀਂ ਸੀ ਕਿਉਂਕਿ ਉਹ ਜਦੋਂ ਚਾਹੁਣ, ਉਨ੍ਹਾਂ ਨੂੰ ਮਿਲ ਸਕਦੇ ਹਨ। ਇਸ ’ਤੇ ਇੱਕ ਵਿਧਾਇਕ ਨੇ ਸਪੱਸ਼ਟ ਕੀਤਾ ਕਿ ਮਾਮਲਾ ਹੀ ਏਨਾ ਜ਼ਿਆਦਾ ਵਧ ਗਿਆ ਸੀ ਕਿ ਪੱਤਰ ਲਿਖੇ ਜਾਣ ਦੀ ਲੋੜ ਪੈ ਗਈ ਸੀ। ਵਿਧਾਇਕਾਂ ਵੱਲੋਂ ਬਿਕਰਮ ਸਿੰਘ ਮਜੀਠੀਆ ਖਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਨੂੰ ਰੱਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਬਣ ਗਈ ਤਾਂ ਕਾਂਗਰਸੀਆਂ ’ਤੇ ਜ਼ਿਆਦਤੀਆਂ ਸ਼ੁਰੂ ਹੋ ਜਾਣਗੀਆਂ। ਇਸ ਲਈ ਅਜਿਹੇ ਸਿਲਸਿਲੇ ’ਚ ਪੈਣ ਦੀ ਥਾਂ ਹਾਂ-ਪੱਖੀ ਏਜੰਡਾ ਅਪਣਾਇਆ ਜਾਵੇ। ਮੁੱਖ ਮੰਤਰੀ ਨੇ ਇਹ ਵੀ ਤਰਕ ਦਿੱਤਾ ਕਿ ਉਨ੍ਹਾਂ ਨੇ 2002 ਤੋਂ 2007 ਦੌਰਾਨ ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਖਿਲਾਫ਼ ਵੀ ਤਾਂ ਮਾਮਲੇ ਦਰਜ ਕੀਤੇ ਸਨ ਪਰ ਕੁਝ ਵੀ ਨਹੀਂ ਨਿਕਲਿਆ। ਮੁੱਖ ਮੰਤਰੀ ਵੱਲੋਂ ਦਿੱਤੀ ਇਸ ਦਲੀਲ ਤੋਂ ਬਾਅਦ ਵੀ ਵਿਧਾਇਕਾਂ ਦੀ ਸੁਰ ਗਰਮ ਰਹੀ। ਸੁਨੀਲ ਜਾਖੜ ਨੇ ਦਖ਼ਲ ਦਿੰਦਿਆਂ ਕਿਹਾ ਕਿ ਦਰਅਸਲ ਸਿਵਲ ਤੇ ਪੁਲੀਸ ਅਫ਼ਸਰਾਂ ਦਾ ਵਿਵਹਾਰ ਅਜਿਹਾ ਹੈ ਕਿ ਕਾਂਗਰਸ ਦੇ ਵਿਧਾਇਕਾਂ ਤੇ ਵਰਕਰਾਂ ਨੂੰ ਕਾਂਗਰਸ ਦੀ ਸਰਕਾਰ ਹੋਣ ਦਾ ਅਹਿਸਾਸ ਹੀ ਨਹੀਂ ਹੋ ਰਿਹਾ।
ਅੰਮ੍ਰਿਤਸਰ ਅਤੇ ਗੁਰਦਾਸਪਰ ਦੇ ਵਿਧਾਇਕਾਂ ਨੇ ਪੁਲੀਸ ਅਧਿਕਾਰੀ ਨੌਨਿਹਾਲ ਸਿੰਘ ਵੱਲੋਂ ਕਾਂਗਰਸੀ ਵਿਧਾਇਕਾਂ ਨਾਲ ਕੀਤੀਆਂ ਵਧੀਕੀਆਂ ਗਿਣਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਮੁੱਖ ਮੰਤਰੀ ਨੇ ਮੀਟਿੰਗ ਦੌਰਾਨ ਹੀ ਪੁਲੀਸ ਅਧਿਕਾਰੀ ਖਿਲਾਫ਼ ਕੀਤੀਆਂ ਸ਼ਿਕਾਇਤਾਂ ਨੂੰ ਅਣਗੌਲਿਆ ਕਰ ਦਿੱਤਾ। ਇਸ ’ਤੇ ਅੰਮ੍ਰਿਤਸਰ ਨਾਲ ਸਬੰਧਤ ਇੱਕ ਵਿਧਾਇਕ ਨੇ ਮੁੱਖ ਮੰਤਰੀ ਨੂੰ ਮੁਖਾਤਿਬ ਹੁੰਦਿਆਂ ਕਿਹਾ, ‘‘ਮਹਾਰਾਜਾ ਸਾਹਿਬ ਫਿਰ ਇੱਕ ਕਿਰਪਾ ਕਰੋ, ਤੁਸੀਂ ਆਈ.ਜੀ. ਨੂੰ ਫੋਨ ਕਰੋ ਮੈਂ ਜਾ ਕੇ ਭੁੱਲ ਬਖ਼ਸ਼ਾ ਲੈਂਦਾ ਹਾਂ ਕਿ ਕਾਂਗਰਸੀ ਗਲਤ ਹਨ ਤੇ ਤੁਸੀਂ (ਪੁਲੀਸ ਅਧਿਕਾਰੀ) ਠੀਕ ਹੋ।’’ ਸਾਊ ਸੁਭਾਅ ਦੇ ਮੰਨੇ ਜਾਂਦੇ ਇਸ ਵਿਧਾਇਕ ਦੀ ਗੱਲ ਸੁਣਕੇ ਮੀਟਿੰਗ ’ਚ ਚੁੱਪ ਪਸਰ ਗਈ ਤੇ ਮੁੱਖ ਮੰਤਰੀ ਵੀ ਖ਼ਾਮੋਸ਼ ਹੋ ਗਏ। ਇਸ ਤੋਂ ਬਾਅਦ ਗੁਰਦਾਸਪੁਰ ਦੇ ਵਿਧਾਇਕ ਨੇ ਵੀ ਕਿਹਾ ਕਿ ਉਹ ਗੁਰਦਾਸਪੁਰ ਦੇ ਡੀਸੀ ਨੂੰ ਵੀ ਫੋਨ ਕਰ ਦੇਣ ਅਤੇ ਉਹ ਜਾ ਕੇ ਮੁਆਫ਼ੀ ਮੰਗ ਆਉਂਦੇ ਹਨ। ਵਿਧਾਇਕਾਂ ਦਾ ਇਹ ਰੁਖ਼ ਦੇਖ ਕੇ ਮੁੱਖ ਮੰਤਰੀ ਆਈ.ਜੀ. ਜ਼ੋਨਲ ਅਤੇ ਗੁਰਦਾਸਪੁਰ ਦੇ ਡੀਸੀ ਤੇ ਐਸ.ਐਸ.ਪੀ. ਦਾ ਤਬਾਦਲਾ ਕਰਨ ਲਈ ਮਜਬੂਰ ਹੋ ਗਏ ਹਾਲਾਂਕਿ ਸਰਕਾਰ ਨੇ ਇਹ ਦਲੀਲ ਦਿੱਤੀ ਹੈ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਉਕਤ ਤਬਾਦਲੇ ਕੀਤੇ ਗਏ ਹਨ।

ਇਹ ਸਾਧਾਰਨ ਮੀਟਿੰਗ ਸੀ: ਜਾਖੜ 
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਇਸ ਮੀਟਿੰਗ ਨੂੰ ਸਰਕਾਰੀ ਕਰਾਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਤਾਂ ਅਕਸਰ ਅਜਿਹੀਆਂ ਮੀਟਿੰਗਾਂ ਕਰਦੇ ਹੀ ਰਹਿੰਦੇ ਹਨ। ਉਨ੍ਹਾਂ ਮੀਟਿੰਗ ਦੌਰਾਨ ਹੋਈ ਗੱਲਬਾਤ ਸਬੰਧੀ ਕੋਈ ਖ਼ੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ।