ਮਾਛੀਵਾੜਾ, ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ਼੍ਰੋਮਣੀ ਕਮੇਟੀ ਦਿੱਲੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਦਿੱਤੀ ਚਿਤਾਵਨੀ ਦਾ ਤਾਂ ਤੁਰੰਤ ਨੋਟਿਸ ਲੈ ਲਿਆ ਗਿਆ ਪਰ ਉਕਤ ਆਗੂਆਂ ਨੇ ਸਿੱਖ ਪ੍ਰਚਾਰਕਾਂ ਨੂੰ ਮਾਰਨ ਦੀਆਂ ਧਮਕੀਆਂ ਦੇਣ ਵਾਲਿਆਂ ਦੀ ਆਲੋਚਨਾ ਨਹੀਂ ਕੀਤੀ। ਭਾਈ ਰਣਜੀਤ ਸਿੰਘ ਨੇ ਅੱਜ ਇੱਕ ਹੋਰ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਇਹ ਦੋਵੇਂ ਆਗੂ ਸਿੱਖ ਕੌਮ ਦੀਆਂ ਸਿਰਮੌਰ ਜਥੇਬੰਦੀਆਂ ਦੇ ਪ੍ਰਧਾਨ ਹਨ ਪਰ ਜੇਕਰ ਇਹ ਪ੍ਰਚਾਰਕਾਂ ਨੂੰ ਮਾਰਨ ਦੀਆਂ ਧਮਕੀਆਂ ਦੀ ਵੀ ਨਿਖੇਧੀ ਕਰਦੇ, ਤਾਂ ਉਹ ਵੀ ਕੈਪਟਨ ਵੱਲੋਂ ਦਿੱਤੀ ਚਿਤਾਵਨੀ ਦੀ ਗੱਲ ਨਾਲ ਸਹਿਮਤ ਹੋ ਸਕਦੇ ਸਨ। ਪ੍ਰਚਾਰਕ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਜੇਕਰ ਉਹ ਗੁਰੂ ਨਿੰਦਕ ਹੁੰਦੇ ਤਾਂ ਕਦੋਂ ਦਾ ਸੰਗਤ ਨੇ ਉਨ੍ਹਾਂ ਨੂੰ ਸਟੇਜ ਤੋਂ ਲਾਹ ਦੇਣਾ ਸੀ।