ਸੁਨਾਮ ਊਧਮ ਸਿੰਘ ਵਾਲਾ, ਸੀਨੀਅਰ ਅਕਾਲੀ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਦੇ ਮਾਮਲੇ ਵਿਚ ਯੋਜਨਾ ਬੋਰਡ ਦੀ ਉਪ ਚੇਅਰਮੈਨ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਸ੍ਰੀ ਢੀਂਡਸਾ ਦੀ ਸਿਹਤ ਬਾਦਲ ਸਾਹਿਬ ਤੋਂ ਜ਼ਿਆਦਾ ਖ਼ਰਾਬ ਨਹੀਂ ਹੈ।
ਸੁਨਾਮ ਵਿਚ ਕਾਂਗਰਸ ਹਲਕਾ ਇੰਚਾਰਜ ਦਾਮਨ ਥਿੰਦ ਬਾਜਵਾ ਦੀ ਅਗਵਾਈ ’ਚ ਹੋਈ ਪ੍ਰੈੱਸ ਕਾਨਫ਼ਰੰਸ ਦੌਰਾਨ ਬੀਬੀ ਭੱਠਲ ਨੇ ਕਿਹਾ ਕਿ ਜੇਕਰ ਸੱਚਮੁੱਚ ਹੀ ਸ੍ਰੀ ਢੀਂਡਸਾ ਦੀ ਸਿਹਤ ਖ਼ਰਾਬ ਹੈ ਤਾਂ ਉਨ੍ਹਾਂ ਰਾਜ ਸਭਾ ਤੋਂ ਅਸਤੀਫ਼ਾ ਕਿਉਂ ਨਹੀਂ ਦਿੱਤਾ ਜਾਂ ਫੇਰ ਉਨ੍ਹਾਂ ਨੇ ਰਾਜ ਸਭਾ ਨੂੰ ਆਈਸੀਯੂ ਸਮਝਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਹੋਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਿੱਚ ਕਈ ਲੋਕ ਬਰਗਾੜੀ ਕਾਂਡ ਕਰਕੇ ਅਸਤੀਫ਼ਾ ਦੇ ਰਹੇ ਨੇ, ਪਰ ਇਹ ਚੀਚੀ ’ਤੇ ਖ਼ੂਨ ਲਾ ਕੇ ਸ਼ਹੀਦ ਅਖਵਾਉਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਜੇ ਅਸਤੀਫ਼ੇ ਦੇਣੇ ਹੀ ਸਨ ਤਾਂ ਉਦੋਂ ਦਿੰਦੇ ਜਦੋਂ ਉਨ੍ਹਾਂ ਦੇ ਤਰਨ ਤਾਰਨ ਵਾਲੇ ਵਿਧਾਇਕ ਨੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕਈ ਆਪਾ ਬਚਾਊ ਤਾਕਤਾਂ ਪੰਜਾਬ ਦੇ ਹਾਲਾਤ ਖ਼ਰਾਬ ਕਰਨਾ ਚਾਹੁੰਦੀਆਂ ਹਨ, ਪਰ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਇੱਕ ਸਾਲ ਵਿਚ ਤਾਂ ਟਰੇਲਰ ਹੀ ਪੇਸ਼ ਕੀਤਾ ਹੈ, ਜਿਸ ਤਹਿਤ ਖਾਲੀ ਖ਼ਜ਼ਾਨਾ ਭਰ ਕੇ ਆਰਥਿਤਾ ਨੂੰ ਲੀਹ ’ਤੇ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਆਉਂਦੇ ਸਾਲਾਂ ਵਿਚ ਮਿਸਾਲੀ ਕੰਮ ਕੀਤੇ ਜਾਣਗੇ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਹਰਮਨ ਦੇਵ ਸਿੰਘ ਬਾਜਵਾ ਤੇ ਹੋਰ ਕਾਂਗਰਸੀ ਆਗੂ ਮੌਜੂਦ ਸਨ।