ਸੰਗਰੂਰ, 3 ਫਰਵਰੀ
ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਇੱਥੇ ਕਾਂਗਰਸ ਖ਼ਿਲਾਫ਼ ਕੀਤੀ ਹੱਲਾ ਬੋਲ ਰੈਲੀ ਅਸਲ ’ਚ ਸੁਖਦੇਵ ਤੇ ਪਰਮਿੰਦਰ ਸਿੰਘ ਢੀਂਡਸਾ ਖ਼ਿਲਾਫ਼ ਹੱਲਾ ਬੋਲ ਰੈਲੀ ਹੋ ਨਿੱਬੜੀ। ਰੈਲੀ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਲਗਭਗ ਸਾਰੇ ਬੁਲਾਰਿਆਂ ਨੇ ਸਿੱਧੇ-ਅਸਿੱਧੇ ਢੰਗ ਨਾਲ ਢੀਂਡਸਾ ਪਿਓ-ਪੁੱਤ ’ਤੇ ਹੀ ਨਿਸ਼ਾਨਾ ਸਾਧਿਆ। ਰੈਲੀ ’ਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਪਾਰਟੀ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰੰਘ ਬਾਦਲ ਅੱਧੇ ਘੰਟੇ ਦੇ ਭਾਸ਼ਣ ਦੌਰਾਨ ਸਿਰਫ਼ ਪੰਜ ਮਿੰਟ ਹੀ ਢੀਂਡਸਾ ਖ਼ਿਲਾਫ਼ ਬੋਲੇ ਜਦਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ 26 ਮਿੰਟ ਦੇ ਭਾਸ਼ਣ ਦੌਰਾਨ ਕਰੀਬ 20 ਮਿੰਟ ਸੁਖਦੇਵ ਸਿੰਘ ਢੀਂਡਸਾ ’ਤੇ ਹੀ ਸ਼ਬਦੀ ਹੱਲਾ ਬੋਲਿਆ। ਸੁਖਬੀਰ ਨੇ ਢੀਂਡਸਾ ਨੂੰ ‘ਗੱਦਾਰ’ ਅਤੇ ‘ਤਾਨਾਸ਼ਾਹ’ ਕਰਾਰ ਦਿੱਤਾ। ਉਨ੍ਹਾਂ ਅੱਜ ਦੇ ਇਕੱਠ ਨੂੰ ਢੀਂਡਸਾ ਪਰਿਵਾਰ ਦਾ ‘ਭੋਗ ਅਤੇ ਅੰਤਿਮ ਅਰਦਾਸ’ ਕਰਾਰ ਦਿੱਤਾ। ਰੈਲੀ ਦੌਰਾਨ ਸਿਰਫ਼ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਦੀ ਤਕਰੀਰ ਹੀ ਜ਼ਿਆਦਾਤਰ ਕਾਂਗਰਸ ਸਰਕਾਰ ਖ਼ਿਲਾਫ਼ ਸੀ ਜਦਕਿ ਬਾਕੀ ਸਾਰੇ ਬੁਲਾਰਿਆਂ ਨੇ ਸੁਖਦੇਵ ਤੇ ਪਰਮਿੰਦਰ ਢੀਂਡਸਾ ਨੂੰ ਹੀ ਘੇਰਿਆ।
ਸੁਖਬੀਰ ਬਾਦਲ ਨੇ ਕਿਹਾ ਕਿ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਉਨ੍ਹਾਂ ਨੂੰ ਤਾਨਾਸ਼ਾਹ ਦੱਸਦੇ ਹਨ ਜਦਕਿ ਖ਼ੁਦ ਉਨ੍ਹਾਂ ਆਪਣੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਮਰਜ਼ੀ ਅਨੁਸਾਰ ਫ਼ੈਸਲਾ ਨਹੀਂ ਲੈਣ ਦਿੱਤਾ। ਪਰਮਿੰਦਰ ’ਤੇ ਦਬਾਅ ਪਾਇਆ ਕਿ ਜੇਕਰ ਉਹ ਪਿਤਾ ਨਾਲ ਨਾ ਚੱਲਿਆ ਤਾਂ ਉਸ ਨੂੰ ਬੇਦਖ਼ਲ ਕਰ ਦਿੱਤਾ ਜਾਵੇਗਾ। ਬਾਦਲ ਨੇ ਕਿਹਾ ਕਿ ਪਾਰਟੀ ਲਈ ਕੁਰਬਾਨੀ ਢੀਂਡਸਾ ਨੇ ਨਹੀਂ ਸਗੋਂ ਪਾਰਟੀ ਨੇ ਢੀਂਡਸਾ ਲਈ ਵੱਡੀ ਕੁਰਬਾਨੀ ਦਿੱਤੀ ਹੈ। ਪਿਛਲੇ 30 ਸਾਲਾਂ ’ਚ ਚੋਣਾਂ ਹਾਰਨ ਦੇ ਬਾਵਜੂਦ ਰਾਜ ਸਭਾ ਮੈਂਬਰ ਤੇ ਹੋਰ ਅਹੁਦੇ ਦੇ ਕੇ ਉਨ੍ਹਾਂ ਨੂੰ ਨਿਵਾਜਿਆ ਗਿਆ। ਉਨ੍ਹਾਂ ਢੀਂਡਸਾ ਨੂੰ ‘ਗੱਦਾਰ’ ਕਰਾਰ ਦਿੰਦਿਆਂ ਕਿਹਾ ਕਿ ਉਹ ਚੋਣਾਂ ਸਮੇਂ ਉਮੀਦਵਾਰ ਬਣ ਕੇ ਆਉਂਦੇ ਹਨ ਤੇ ਪਾਰਟੀ ਨੂੰ ਨੁਕਸਾਨ ਪਹੁੰਚਾਉਂਦੇ ਹਨ। ਪਾਰਟੀ ਪ੍ਰਧਾਨ ਨੇ ਦਾਅਵਾ ਕੀਤਾ ਕਿ 2022 ’ਚ ਅਕਾਲੀ ਦਲ ਦੀ ਸਰਕਾਰ ਹੀ ਬਣੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ (ਐੱਸਜੀਪੀਸੀ) ਚੋਣਾਂ ਲਈ ਪੂਰੀ ਤਰਾਂ ਤਿਆਰ ਹੈ। ਬਾਦਲ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਪਰੀਮ ਕੋਰਟ ’ਚ ਹਲਫ਼ਨਾਮਾ ਦਿੱਤਾ ਹੈ ਕਿ ਐੱਸਜੀਪੀਸੀ ਨੂੰ ਤੋੜਿਆ ਜਾਵੇ ਪਰ ਸਾਨੂੰ ਭਾਵੇਂ ਕੁੱਝ ਵੀ ਕਰਨਾ ਪਵੇ, ਐੱਸਜੀਪੀਸੀ ਨੂੰ ਕਦੇ ਨਹੀਂ ਟੁੱਟਣ ਦਿਆਂਗੇ। ਉਨ੍ਹਾਂ ਦੋਸ਼ ਲਾਇਆ ਕਿ ਢੀਂਡਸਾ ਸ਼ੁਰੂ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲੇ ਹੋਏ ਹਨ।
ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲਗਭਗ 25 ਮਿੰਟ ਤੱਕ ਪਿਛਲੀ ਅਕਾਲੀ ਸਰਕਾਰ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਾਈਆਂ। ਉਨ੍ਹਾਂ ਕਾਂਗਰਸ ਪਾਰਟੀ ਨੂੰ ਸਿੱਖਾਂ ਅਤੇ ਪੰਜਾਬ ਦੀ ਦੁਸ਼ਮਣ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਨਿਸ਼ਾਨਾ ਐੱਸਜੀਪੀਸੀ ਹੈ ਅਤੇ ਕਾਂਗਰਸ ਕਿਸੇ ਤਰੀਕੇ ਨਾਲ ਸਿੱਖਾਂ ਦੇ ਗੁਰਧਾਮਾਂ ਉਤੇ ਕਬਜ਼ਾ ਕਰਨਾ ਚਾਹੁੰਦੀ ਹੈ।
ਐੱਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ੍ਰੀ ਢੀਂਡਸਾ ਨੂੰ ਕਾਂਗਰਸ ਦਾ ਚਹੇਤਾ ਕਰਾਰ ਦਿੱਤਾ ਤੇ ਕਿਹਾ ਕਿ ਉਹ ਕੈਪਟਨ ਨਾਲ ਮਿਲੀਭੁਗਤ ਕਰਕੇ ਅਕਾਲੀ ਦਲ ਤੇ ਐੱਸਜੀਪੀਸੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ। ਭਾਜਪਾ ਦੇ ਸੂਬਾਈ ਆਗੂ ਮਦਨ ਮੋਹਨ ਮਿੱਤਲ ਨੇ ਆਖਿਆ ਕਿ ਅੱਜ ਲੋਕ ਰੋਸ ਰੈਲੀ ’ਚ ਨਹੀਂ ਆਏ ਸਗੋਂ ਅਜ਼ਾਦੀ ਮੰਗਣ ਆਏ ਹਨ। ਰੈਲੀ ਮੌਕੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ, ਸਿਕੰਦਰ ਸਿੰਘ ਮਲੂਕਾ, ਗਗਨਜੀਤ ਸਿੰਘ ਬਰਨਾਲਾ, ਪ੍ਰਕਾਸ਼ ਚੰਦ ਗਰਗ, ਬਲਵੀਰ ਸਿੰਘ ਘੁੰਨਸ, ਸ਼ਰਨਜੀਤ ਸਿੰਘ ਢਿੱਲੋਂ, ਦਲਜੀਤ ਸਿੰਘ ਚੀਮਾ, ਜਨਮੇਜਾ ਸਿੰਘ ਸੇਖੋਂ, ਬੀਬੀ ਜਗੀਰ ਕੌਰ ਵੀ ਹਾਜ਼ਰ ਸਨ। ਰੈਲੀ ਦੌਰਾਨ ਪਾਰਟੀ ਦੇ ਮਰਹੂਮ ਅਕਾਲੀ ਮੰਤਰੀ ਗੋਬਿੰਦ ਸਿੰਘ ਕਾਂਝਲਾ ਦੇ ਪੁੱਤਰ ਅਮਨਦੀਪ ਸਿੰਘ ਕਾਂਝਲਾ ਨੇ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।