ਨਵੀਂ ਦਿੱਲੀ, 6 ਫਰਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪਾਰਟੀ ਵਿਚੋਂ ਕੱਢੇ ਆਗੂ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ ਅਤੇ ਅਖੌਤੀ ਅਕਾਲੀਆਂ ‘ਤੇ ਤਿੱਖਾ ਹਮਲਾ ਬੋਲਿਆ ਤੇ ਉਹਨਾਂ ਨੂੰ ਆਖਿਆ ਕਿ ਉਹ ਸਿੱਖ ਕੌਮ ਨੂੰ ਜਵਾਬ ਦੇਣ ਕਿ ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਨਾਲ ਉਹਨਾਂ ਨੇ ਸਾਂਝ ਕਿਉਂ ਪਾਈ ਹੈ ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਕੌਮੀ ਬੁਲਾਰੇ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕਾਂਗਰਸ ਪਾਰਟੀ ਸਿੱਖਾਂ ਦੀ ਦੁਸ਼ਮਣ ਪਾਰਟੀ ਹੈ ਤੇ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਕਾਂਗਰਸ ਦੇ ਝੋਲੀਚੁੱਕ ਹਨ, ਇਹ ਕਿਸੇ ਤੋਂ ਲੁਕਿਆ ਨਹੀਂ। ਉਹਨਾਂ ਕਿਹਾ ਕਿ ਪਰਮਜੀਤ ਸਿੰਘ ਸਰਨਾ ਤਾਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਸਲਾਹਕਾਰ ਵੀ ਹਨ, ਇਹ ਵੀ ਜੱਗ ਜਾਣੂ ਹੈ। ਉਹਨਾਂ ਕਿਹਾ ਕਿ ਹੁਣ ਆਪਣੀ ਕਾਂਗਰਸ ਬਿਰਤੀ ਅਨੁਸਾਰ ਹੀ ਸਰਨਾ ਭਰਾਵਾਂ ਨੇ ਦਿੱਲੀ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ।
ਸ੍ਰੀ ਸਿਰਸਾ ਨੇ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ ਤੇ ਅਖੌਤੀ ਅਕਾਲੀ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਤੇ ਸੇਖਾ ਸਿੰਘ ਸੇਖਵਾਂ ਨੂੰ ਸਵਾਲ ਕੀਤਾ ਕਿ ਉਹ ਸਿੱਖ ਕੌਮ ਨੂੰ ਦੱਸਣ ਕਿ ਉਹਨਾਂ ਨੇ ਕਾਂਗਰਸ ਨਾਲ ਸਾਂਝ ਕਿਉਂ ਪਾਈ ਤੇ ਸਰਨਾ ਭਰਾਵਾਂ ਦੇ ਹੱਥ ਮਜ਼ਬੂਤ ਕਰਨ ਦਾ ਰਾਹ ਕਿਉਂ ਚੁਣਿਆ। ਉਹਨਾਂ ਕਿਹਾ ਕਿ ਨਾ ਸਿਰਫ ਸਰਨਾ ਭਰਾ ਬਲਕਿ ਬੀਰਦਵਿੰਦਰ ਸਿੰਘ ਵਰਗੇ ਆਗੂ ਜੋ ਹੁਣ ਅਖੌਤੀ ਟਕਸਾਲੀ ਬਣ ਗਏ ਹਨ, ਉਹਨਾਂ ਦਾ ਅਕਾਲੀ ਦਲ ਨਾਲ ਕਦੇ ਕੋਈ ਸਰੋਕਾਰ ਨਹੀਂ ਰਿਹਾ ਤੇ ਨਾ ਹੀ ਉਹਨਾਂ ਦਾ ਪਿਛੋਕੜ ਅਕਾਲੀ ਹੈ।
ਉਹਨਾਂ ਕਿਹਾ ਕਿ ਦੋਵੇਂ ਢੀਂਡਸਿਆਂ ਤੇ ਅਖੌਤੀ ਟਕਸਾਲੀ ਅਕਾਲੀ ਆਗੂਆਂ ਨੇ ਕਾਂਗਰਸ ਦੀ ਹਮਾਇਤ ਕਰ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਕਦੇ ਵੀ ਸਿੱਖ ਕੌਮ ਦੇ ਹਿਤੈਸ਼ੀ ਨਹੀਂ ਸਨ ਤੇ ਕਾਂਗਰਸ ਵਾਂਗ ਹੀ ਉਹਨਾਂ ਸਿੱਖ ਕੌਮ ਦੀ ਪਿੱਠ ਵਿਚ ਵੀ ਛੁਰਾ ਮਾਰਿਆ ਹੈ ਜੋ ਸਿੱਖ ਕੌਮ ਕਦੇ ਵੀ ਮੁਆਫ ਨਹੀਂ ਕਰੇਗੀ। ਉਹਨਾਂ ਕਿਹਾ ਕਿ ਸਿੱਖਾਂ ਵਾਸਤੇ ਕਾਂਗਰਸ ਪਾਰਟੀ ਨੰਬਰ ਇਕ ਦੁਸ਼ਮਣ ਸੀ, ਹੈ ਤੇ ਰਹੇਗੀ ਤੇ ਇਸ ਨਾਲ ਸਾਂਝ ਪਾਉਣ ਵਾਲੇ ਵੀ ਉਸਦੇ ਸਭ ਤੋਂ ਵੱਡੇ ਦੁਸ਼ਮਣ ਹਨ।
ਸ੍ਰੀ ਸਿਰਸਾ ਨੇ ਕਿਹਾ ਕਿ ਢੀਂਡਸਾ ਨੇ ਪੰਜਾਬ ਵਿਚ ਆਪਣੇ ਪ੍ਰੋਗਰਾਮਾਂ ਵਾਸਤੇ ਕਾਂਗਰਸ ਪਾਰਟੀ ਦੀ ਮਦਦ ਲੈ ਕੇ ਵੀ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਜੋ ਕੁਝ ਵੀ ਕਰ ਰਹੇ ਹਨ, ਉਹ ਕਾਂਗਰਸ ਦੇ ਇਸ਼ਾਰੇ ‘ਤੇ ਕਰ ਰਹੇ ਹਨ ਤੇ ਇਹਨਾਂ ਸਭ ਦਾ ਟੀਚਾ ਸਿੱਖ ਕੌਮ ਦਾ ਨੁਕਸਾਨ ਕਰਨਾ ਹੈ।