ਨਵੀਂ ਦਿੱਲੀ, ਡੇਵਿਸ ਕੱਪ ਦੀ ਇਨਾਮੀ ਰਾਸ਼ੀ ਵੰਡਣ ਦੇ ਮੌਜੂਦਾ ਫਾਰਮੂਲੇ ਤੋਂ ਹਟਦਿਆਂ ਕਪਤਾਨ ਮਹੇਸ਼ ਭੂਪਤੀ ਅਤੇ ਕੋਚ ਜੀਸ਼ਾਨ ਅਲੀ ਨੂੰ ਵੀ ਭਾਰਤੀ ਟੈਨਿਸ ਸੰਘ (ਏਆਈਟੀਏ) ਨੇ ਕੈਨੇਡਾ ਖ਼ਿਲਾਫ਼ ਮੁਕਾਬਲੇ ਦੀ ਇਨਾਮੀ ਰਕਮ ਵਿੱਚ ਹਿੱਸੇ ਦਾ ਦਾਅਵਾ ਕਰਨ ਦੀ ਮਨਜ਼ੂਰੀ ਦਿੱਤੀ ਹੈ। ਪਿਛਲੇ ਸਾਲ ਸਤੰਬਰ ਵਿੱਚ ਕੈਨੇਡਾ ਖ਼ਿਲਾਫ਼ ਵਿਸ਼ਵ ਗਰੁੱਪ ਪਲੇਅ ਆਫ਼ ਮੁਕਾਬਲੇ ਤਕ ਇਨਾਮੀ ਰਾਸ਼ੀ ਸਿਰਫ਼ ਛੇ ਖਿਡਾਰੀਆਂ ਵਿੱਚ ਵੰਡੀ ਸੀ ਜਿਸ ਵਿੱਚ ਦੋ ਰਿਜ਼ਰਵ ਖਿਡਾਰੀ ਵੀ ਸ਼ਾਮਲ ਸਨ ਜਦਕਿ ਸਹਿਯੋਗੀ ਸਟਾਫ਼ ਨੂੰ ਏਆਈਟੀਏ ਖ਼ੁਦ ਭੁਗਤਾਨ ਕਰਦਾ ਸੀ। ਹਾਲਾਂਕਿ ਕੈਨੇਡਾ ਖ਼ਿਲਾਫ਼ ਮੁਕਾਬਲੇ ਦੀ ਰਕਮ ਕਪਤਾਨ ਅਤੇ ਕੋਚ ਦੇ ਨਾਲ-ਨਾਲ ਛੇ ਖਿਡਾਰੀਆਂ ਵਿੱਚ ਬਰਾਬਰ ਵੰਡੀ ਜਿਸ ਕਾਰਨ ਖਿਡਾਰੀਆਂ ਦਾ ਹਿੱਸਾ ਘਟ ਗਿਆ। ਏਆਈਟੀਏ ਸਕੱਤਰ ਹਰਣਮਯ ਚੈਟਰਜੀ ਨੇ ਬਰਾਬਰ ਵੰਡ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਭੂਪਤੀ ਦੇ ਪ੍ਰਸਤਾਵ ਰੱਖਣ ਮਗਰੋਂ ਇਸ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਕਦਮ ਨਾਲ ਸਿੰਗਲ ਵਰਗ ਦੇ ਖਿਡਾਰੀਆਂ ਦਾ ਸਭ ਤੋਂ ਵੱਧ ਨੁਕਸਾਨ ਹੋਵੇਗਾ ਕਿਉਂਕਿ ਪੁਰਾਣੇ ਪ੍ਰਬੰਧਾਂ ਤਹਿਤ ਇਨਾਮੀ ਰਕਮ ਵਿੱਚ ਉਨ੍ਹਾਂ ਦਾ ਹਿੱਸਾ ਸਭ ਤੋਂ ਵੱਧ ਹੁੰਦਾ ਸੀ। ਨਵੇਂ ਵੰਡ ਮਾਡਲ ਬਾਰੇ ਪੁੱਛਣ ’ਤੇ ਭੂਪਤੀ ਨੇ ਕਿਹਾ ਕਿ ਅਸਲ ਵਿੱਚ ਉਹ ਚਾਹੁੰਦੇ ਸਨ ਕਿ ਦੋ ਫਿਜ਼ੀਓ ਸਣੇ ਸਾਰੇ ਦਸ ਲੋਕਾਂ ਨੂੰ ਬਰਾਬਰ ਹਿੱਸਾ ਮਿਲੇ ਪਰ ਏਆਈਟੀਏ ਨੇ ਇਸ ਪ੍ਰਸਤਾਵ ਨੂੰ ਮਨਜ਼ੂਰ ਨਹੀਂ ਕੀਤਾ।