ਸਿਰਸਾ, ਡੇਰਾ ਮੁਖੀ ਨੂੰ ਸਾਧਵੀ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਡੇਰੇ ਦੇ ਸਕੂਲ ਕਾਲਜ ਬੰਦ ਹੋਣ ਕਾਰਨ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿੱਚ ਪੈ ਗਿਆ ਹੈ। ਇਸ ਕਾਰਨ ਡੇਰੇ ਦੇ ਵਿੱਦਿਅਕ ਅਦਾਰਿਆਂ ਦੀਆਂ ਸਰਗਰਮੀਆਂ ਠੱਪ ਹੋ ਗਈਆਂ ਹਨ। ਡੇਰਾ ਮੁਖੀ ਦੇ ਜੇਲ੍ਹ ਜਾਣ ਦੀ ਸਜ਼ਾ ਡੇਰੇ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਭੁਗਤਣੀ ਪੈ ਰਹੀ ਹੈ। ਡੇਰੇ ਵਿੱਚ 7 ਵਿੱਦਿਅਕ ਅਦਾਰੇ ਵੀ ਹਨ ਜਿਨ੍ਹਾਂ ਵਿੱਚ 10 ਹਜ਼ਾਰ ਤੋਂ ਵੀ ਜ਼ਿਆਦਾ ਵਿਦਿਆਰਥੀ ਪੜ੍ਹਦੇ ਹਨ ਪਰ ਸਾਰੇ ਵਿੱਦਿਅਕ ਅਦਾਰੇ ਬੰਦ ਹੋਣ ਨਾਲ ਵਿਦਿਆਰਥੀਆਂ ਦੇ ਭਵਿੱਖ ’ਤੇ ਸਵਾਲੀਆ ਚਿੰਨ੍ਹ ਲੱਗ ਗਿਆ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਡੇਰਾ ਖੇਤਰ ਵਿੱਚੋਂ ਕਰਫਿਊ ਹਟਣ ਤੋਂ ਬਾਅਦ ਹੀ ਕੋਈ ਫ਼ੈਸਲਾ ਹੋ ਸਕਦਾ ਹੈ। ਇਸ ਮਾਮਲੇ ਵਿੱਚ ਇਨ੍ਹਾਂ ਵਿੱਦਿਅਕ ਅਦਾਰਿਆਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਹਨ ਪਰ ਹਾਲੇ ਕੋਈ ਕਾਰਵਾਈ ਨਹੀਂ ਹੋਈ। ਡੇਰਾ ਸਿਰਸਾ ਦੇ ਕੰਪਲੈਕਸ ਵਿੱਚ 7 ਵਿੱਦਿਅਕ ਅਦਾਰੇ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ, ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ, ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ, ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ, ਸ਼ਾਹ ਸਤਿਨਾਮ ਜੀ ਕਾਲਜ ਆਫ਼ ਐਜੂਕੇਸ਼ਨ ਅਤੇ ਸ਼ਾਹ ਸਤਿਨਾਮ ਜੀ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਚੱਲ ਰਹੇ ਹਨ। ਇਨ੍ਹਾਂ ਤੋਂ ਇਲਾਵਾ ਬਹੁਤ ਹੀ ਆਧੁਨਿਕ ਸਹੂਲਤਾਂ ਵਾਲਾ ਸਕੂਲ ਸੇਂਟ ਐਮ.ਐਸ.ਜੀ. ਗਲੋਰੀਅਸ ਇੰਟਰਨੈਸ਼ਨਲ ਸਕੂਲ ਵੀ ਹੈ। ਇਹ ਸਾਰੇ ਵਿਦਿਅਕ ਅਦਾਰੇ 24 ਅਗਸਤ ਤੋਂ ਬੰਦ ਪਏ ਹਨ।
ਵਿਦਿਆਰਥੀਆਂ ਦੇ ਮਾਪਿਆ ਦਾ ਖਦਸ਼ਾ ਹੈ ਕਿ ਪਤਾ ਨਹੀਂ ਹੁਣ ਇਹ ਵਿੱਦਿਅਕ ਅਦਾਰੇ ਚੱਲਣਗੇ ਵੀ ਜਾਂ ਨਹੀਂ। ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਰਫਿਊ ਹਟਣ ਤੋਂ ਬਾਅਦ ਹੀ ਇਨ੍ਹਾਂ ਵਿਦਿਅਕ ਅਦਾਰਿਆਂ ਦੇ ਚੱਲਣ ਸਬੰਧੀ ਸਰਕਾਰ ਅਤੇ ਡੇਰਾ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ।
ਡੇਰਾ ਸਿਰਸਾ ਵਿੱਚ ਬਹੁਤ ਹੀ ਮੋਟੀਆਂ ਫੀਸਾਂ ਅਤੇ ਆਧੁਨਿਕ ਸਹੂਲਤਾਂ ਵਾਲਾ ਸਕੂਲ ਸੇਂਟ ਐਮ.ਐਸ.ਜੀ. ਗਲੋਰੀਅਸ ਇੰਟਰਨੈਸ਼ਨਲ ਸਕੂਲ ਵੀ ਬੰਦ ਪਿਆ ਹੈ। ਇਸ ਸਕੂਲ ਵਿੱਚ ਅਮੀਰ ਘਰਾਂ ਦੇ ਬੱਚੇ ਸਿੱਖਿਆ ਗ੍ਰਹਿਣ ਕਰ ਰਹੇ ਸਨ ਪਰ ਇਸ ਸਕੂਲ ਦੇ ਬੰਦ ਪਏ ਹੋਣ ਕਰਕੇ ਇਸ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਦੀ ਚਿੰਤਾ ਵਧ ਗਈ ਹੈ। ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਪ੍ਰਿੰਸੀਪਲ ਸ਼ੀਲਾ ਪੂਨੀਆ ਨੇ ਦੱਸਿਆ ਕਿ ਸਕੂਲ ਮੈਨੇਜਮੈਂਟ ਹੀ ਇਸ ਬਾਰੇ ਕੁਝ ਦੱਸ ਸਕਦੀ ਹੈ ਕਿ ਸਕੂਲ-ਕਾਲਜ ਕਦੋਂ ਚਾਲੂ ਹੋਣਗੇ। ਇਸ ਲਈ ਮਾਪੇ ਸਕੂਲ ਦੀ ਪ੍ਰਬੰਧਕ ਕਮੇਟੀ ਨਾਲ ਹੀ ਇਸ ਸਬੰਧੀ ਗੱਲ ਕਰਨ ਤਾਂ ਬਿਹਤਰ ਹੋਵੇਗਾ।
ਕਰਫਿਊ ਹਟਣ ਤੋਂ ਬਾਅਦ ਹੋਵੇਗਾ ਫ਼ੈਸਲਾ: ਸਿੱਖਿਆ ਅਧਿਕਾਰੀ
ਸਿਰਸਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ. ਯਗਦੱਤ ਵਰਮਾ ਨੇ ਕਿਹਾ ਕਿ ਹਾਲੇ ਡੇਰਾ ਖੇਤਰ ਵਿੱਚ ਕਰਫਿਊ ਲੱਗਾ ਹੋਇਆ ਹੈ। ਕਰਫਿਊ ਹਟਣ ਤੋਂ ਬਾਅਦ ਹੀ ਇਸ ਬਾਰੇ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਕੋਈ ਫੈਸਲਾ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਸ਼ਾਹ ਸਤਿਨਾਮ ਜੀ ਕਾਲਜ ਆਫ ਐਜੂਕੇਸ਼ਨ ਦੇ ਬੱਚੇ ਉਨ੍ਹਾਂ ਨੂੰ ਮਿਲਣ ਆਏ ਸਨ। ਉਨ੍ਹਾਂ ਦੀ ਫੀਸ ਭਰਨ ਦੀ ਸਮੱਸਿਆ ਹੈ ਪਰ ਇਸ ਦਾ ਹੱਲ ਵਿਵਾਦ ਸੁਲਝਣ ਤੋਂ ਬਾਅਦ ਕੀਤਾ ਜਾਵੇਗਾ।