ਪੰਚਕੂਲਾ, 7 ਮਾਰਚ
ਪੰਚਕੂਲਾ ਹਿੰਸਾ ਦੇ ਮਾਮਲੇ ਵਿੱਚ ਦਰਜ ਐਫਆਈਆਰ ਨੰਬਰ 345 ਦੇ ਸਬੰਧ ਵਿੱਚ ਪੰਚਕੂਲਾ ਸਥਿਤ ਜ਼ਿਲ੍ਹਾ ਅਦਾਲਤ ਵਿੱਚ ਅੱਜ ਸੁਣਵਾਈ ਹੋਈ। ਸੁਣਵਾਈ ਦੌਰਾਨ ਡੇਰਾ ਮੁਖੀ ਰਾਮ ਰਹੀਮ ਦੀ ਗੋਦ ਲਈ ਧੀ ਹਨੀਪ੍ਰੀਤ ਸਣੇ ਸਾਰੇ 15 ਮੁਲਜ਼ਮ ਅਦਾਲਤ ਵਿੱਚ ਪੇਸ਼ ਹੋਏ। ਇਸ ਮਾਮਲੇ ਵਿੱਚ ਅੱਜ ਮੁਲਜ਼ਮਾਂ ’ਤੇ ਦੋਸ਼ ਆਇਦ ਕਰਨ ਬਾਰੇ ਬਹਿਸ ਪੂਰੀ ਨਹੀਂ ਹੋ ਸਕੀ। ਮਾਮਲੇ ਦੀ ਸੁਣਵਾਈ ਦੌਰਾਨ ਪੁਲੀਸ ਨੇ ਸਪਲੀਮੈਂਟਰੀ ਚਲਾਨ ਲਈ ਅਰਜ਼ੀ ਲਾਈ ਤੇ ਸਪਲੀਮੈਂਟਰੀ ਚਲਾਨ ਅਦਾਲਤ ਵਿੱਚ ਪੇਸ਼ ਕੀਤਾ। ਮਾਮਲੇ ਦੀ ਅਗਲੀ ਸੁਣਵਾਈ 28 ਮਾਰਚ ਨੂੰ ਹੋਵੇਗੀ, ਜਿਸ ਦੌਰਾਨ ਹਨੀਪ੍ਰੀਤ ਸਣੇ ਸਾਰੇ 15 ਮੁਲਜ਼ਮ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਣਗੇ। ਅੱਜ ਮਾਮਲੇ ਦੀ ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲਾਂ ਨੇ ਸਾਰੇ ਮੁਲਜ਼ਮਾਂ ’ਤੇ ਲਾਈ ਦੇਸ਼ਧ੍ਰੋਹ ਅਤੇ ਕਈ ਗੰਭੀਰ ਧਰਾਵਾਂ ਉੱਤੇ ਵੀ ਸਵਾਲ ਉਠਾਏ।
ਜ਼ਿਕਰਯੋਗ ਹੈ ਕਿ 25 ਅਗਸਤ 2017 ਨੂੰ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਸਿਰਸਾ ਡੇਰਾ ਮੁਖੀ ਰਾਮ ਰਹੀਮ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੋਈ ਹਿੰਸਾ ਵਿੱਚ ਲਗਪਗ 35 ਲੋਕ ਮਾਰੇ ਗਏ ਸਨ ਤੇ 200 ਦੇ ਕਰੀਬ ਜ਼ਖ਼ਮੀ ਹੋ ਗਏ ਸਨ ਅਤੇ ਹਿੰਸਾ ਦੌਰਾਨ ਜਨਤਕ ਥਾਵਾਂ ’ਤੇ ਅੱਗ ਲਾਉਣ ਦੀਆਂ ਘਟਨਾਵਾਂ ਵੀ ਵਾਪਰੀਆਂ ਸਨ, ਜਿਸ ਕਾਰਨ ਜਨਤਕ ਸਮੱਗਰੀ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਸੀ। ਉਦੋਂ ਹਿੰਸਾ ਭੜਕਾਉਣ ਅਤੇ ਹਿੰਸਕ ਸਮੱਗਰੀ ਮੁਹੱਈਆ ਕਰਾਉਣ ਦੇ ਦੋਸ਼ ਹੇਠ ਪੁਲੀਸ ਨੇ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਕਈਆਂ ਦੀ ਭਾਲ ਜਾਰੀ ਹੈ।
ਰਣਜੀਤ ਸਿੰਘ ਹੱਤਿਆ ਮਾਮਲੇ ਦੀ ਅਗਲੀ ਸੁਣਵਾਈ 12 ਨੂੰ
ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਚੱਲ ਰਹੇ ਡੇਰਾ ਸਿਰਸਾ ਪ੍ਰਬੰਧਕ ਰਣਜੀਤ ਸਿੰਘ ਹੱਤਿਆ ਮਾਮਲੇ ਦੀ ਸੁਣਵਾਈ ਅੱਜ ਹੋਈ। ਸਾਧਵੀ ਬਲਾਤਕਾਰ ਮਾਮਲੇ ਵਿੱਚ ਸਜ਼ਾ ਭੁਗਤ ਰਿਹਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਇਸ ਦੌਰਾਨ ਖੱਟਾ ਸਿੰਘ ਦੀ ਹਾਈ ਕੋਰਟ ਵਿੱਚ ਲੱਗੀ ਪਟੀਸ਼ਨ ਕਰਕੇ ਬਹਿਸ ਅੱਗੇ ਨਹੀਂ ਵਧ ਸਕੀ। ਮਾਮਲੇ ਦੀ ਅਗਲੀ ਸੁਣਵਾਈ 12 ਮਾਰਚ ਨੂੰ ਹੋਵੇਗੀ ਤੇ ਛੇਤੀ ਹੀ ਵੱਡਾ ਫ਼ੈਸਲਾ ਆ ਸਕਦਾ ਹੈ।