ਚੰਡੀਗੜ, 12 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਅਦਾਲਤੀ ਸਜ਼ਾ ਉਪਰੰਤ ਭੜਕੀ ਹਿੰਸਾ ਦਾ ਦੋਸ਼ ਪੰਜਾਬ ਸਿਰ ਮੜਣ ਦੀ ਕਰੜੀ ਆਲੋਚਨਾ ਕਰਦਿਆਂ ਇਸ ਨੂੰ ਖੱਟਰ ਵੱਲੋਂ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਲਈ ਨਿਰਾਸ਼ ਅਤੇ ਬੇਤੁਕੀ ਕੋਸ਼ਿਸ਼ ਦੱਸਿਆ ਹੈ।

ਖੱਟਰ ਵੱਲੋਂ ਪੰਜਾਬ ਸਰਕਾਰ ਵਿਰੁੱਧ ਲਾਏ ਦੋਸ਼ਾਂ ਨੂੰ ਹਾਸੋਹੀਣਾ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਰਾਮ ਰਹੀਮ ਖਿਲਾਫ਼ ਅਦਾਲਤੀ ਫੈਸਲੇ ਮਗਰੋਂ ਵਾਪਰੀ ਹਿੰਸਾ ਨੂੰ ਰੋਕਣ ਵਿਚ ਆਪਣੀ ਸਰਕਾਰ ਦੀ ਨਾਕਾਮੀ ’ਤੇ ਪਰਦਾ ਪਾਉਣ ਲਈ ਨਿਰਾਸ਼ਾ ਭਰੀ ਕੋਸ਼ਿਸ਼ ਕਰ ਰਹੇ ਹਨ।

ਮੁੱਖ ਮੰਤਰੀ ਨੇ ਆਖਿਆ ਕਿ ਖੱਟਰ ਦੀ ਮਾਯੂਸੀ ਇਸ ਤੱਥ ਤੋਂ ਹੀ ਝਲਕਦੀ ਹੈ ਕਿ ਅਦਾਲਤ ਦੇ ਫੈਸਲੇ ਤੋਂ ਬਾਅਦ ਰਾਮ ਰਹੀਮ ਨੂੰ ਭਜਾਉਣ ਦੀ ਕਥਿਤ ਸਾਜ਼ਿਸ਼ ਲਈ ਉਨਾਂ ਨੂੰ ਆਪਣੀ ਹੀ ਪੁਲਿਸ ਦੇ ਪੰਜ ਮੁਲਾਜ਼ਮਾਂ ਨੂੰ ਮੁਅੱਤਲ ਕਰਨਾ ਪਿਆ ਅਤੇ ਹੁਣ ਉਹ ਇਸ ਸਮੁੱਚੇ ਮਸਲੇ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਦੇ ਸਿਰ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਤੋਂ ਹਾਸੋਹੀਣੀ ਹੋਰ ਗੱਲ ਨਹੀਂ ਹੋ ਸਕਦੀ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਗੁਆਂਢੀ ਸੂਬੇ ਵਿੱਚ ਭਾਜਪਾ ਦੇ ਸ਼ਾਸਨ ਵਾਲੇ ਮੁੱਖ ਮੰਤਰੀ ਨੂੰ ਆਖਿਆ, ‘‘ਜੇਕਰ ਹਰਿਆਣਾ ਪੁਲਿਸ ਦੇ ਪੰਜ ਮੁਲਾਜ਼ਮ ਦੋਸ਼ੀ ਨਹੀਂ ਸਨ ਤਾਂ ਫਿਰ ਉਨਾਂ ਦੀ ਸਰਕਾਰ ਨੇ ਇਨਾਂ ਨੂੰ ਮੁਅੱਤਲ ਕਿਉਂ ਕੀਤਾ?’’

ਕੈਪਟਨ ਅਮਰਿੰਦਰ ਸਿੰਘ ਨੇ ਰਾਮ ਰਹੀਮ ਖਿਲਾਫ ਬਲਾਤਕਾਰ ਕੇਸ ਵਿੱਚ ਅਦਾਲਤ ਦੇ ਫੈਸਲੇ ਤੋਂ ਪਹਿਲਾਂ ਪੰਚਕੂਲਾ ਵਿਚ ਡੇਰੇ ਦੇ ਇੱਕ ਲੱਖ ਤੋਂ ਵੱਧ ਸ਼ਰਧਾਲੂਆਂ ਨੂੰ ਇਕੱਠੇ ਹੋਣ ਲਈ ਖੱਟਰ ਵੱਲੋਂ ਪੰਜਾਬ ਨੂੰ ਕਸੂਰਵਾਰ ਠਹਿਰਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨਾਂ ਆਖਿਆ ਕਿ ਅਦਾਲਤੀ ਫੈਸਲੇ ਤੋਂ ਬਾਅਦ ਵਾਪਰੀ ਹਿੰਸਾ ਵਿੱਚ ਮੌਤਾਂ ਹੋ ਜਾਣ ਅਤੇ ਕਈ ਲੋਕਾਂ ਦੇ ਜ਼ਖਮੀ ਹੋਣਾ ਇਹ ਸਪੱਸ਼ਟ ਦਰਸਾਉਂਦਾ ਹੈ ਕਿ ਹਰਿਆਣਾ ਤੋਂ ਵੱਡੀ ਗਿਣਤੀ ਵਿਚ ਡੇਰਾ ਪ੍ਰੇਮੀ ਜੁੜੇ ਸਨ ਤਾਂ ਫਿਰ ਡੇਰਾ ਸਮਰਥਕਾਂ ਨੂੰ ਹਰਿਆਣਾ ਵਿੱਚ ਪ੍ਰਵੇਸ਼ ਕਰਨ ਤੋਂ ਕਾਬੂ ਕਰਨ ਵਿੱਚ ਪੰਜਾਬ ਸਰਕਾਰ ਤੋਂ ਕਿਸ ਤਰਾਂ ਆਸ ਰੱਖੀ ਜਾ ਸਕਦੀ ਹੈ।

ਇਸ ਮਾਮਲੇ ਵਿਚ ਆਪਣੀ ਸਰਕਾਰ ਦੀ ਸਿਰੇ ਦੀ ਨਾਕਾਮੀ ’ਤੇ ਪਰਦਾਪੋਸ਼ੀ ਕਰਨ ਲਈ ਲੋਕਾਂ ਦਾ ਧਿਆਨ ਹਟਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ ਲਈ ਹਰਿਆਣਾ ਦੇ ਮੁੱਖ ਮੰਤਰੀ ’ਤੇ ਵਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪੰਚਕੂਲਾ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਲਈ ਸਿਰਫ ਹਰਿਆਣਾ ਜ਼ਿੰਮੇਵਾਰ ਹੈ ਜੋ ਅਦਾਲਤ ਦੇ ਫੈਸਲੇ ਤੋਂ ਬਾਅਦ ਦੇ ਹਾਲਾਤ ਬਾਰੇ ਖੂਫੀਆ ਰਿਪੋਰਟਾਂ ਵਿਚ ਦਿੱਤੀ ਚਿਤਾਵਨੀ ਦੇ ਬਾਵਜੂਦ ਇਲਾਕੇ ਵਿੱਚ ਲੋਕਾਂ ਨੂੰ ਇਕੱਤਰ ਹੋਣ ਤੋਂ ਰੋਕਣ ਵਿਚ ਅਸਫਲ ਰਿਹਾ।

ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਅਜਿਹਾ ਜਾਪਦਾ ਹੈ ਕਿ ਖੱਟਰ ਜਾਂ ਤਾਂ ਇਹ ਸੱਚ ਵਿਸਾਰ ਗਏ ਹਨ ਜਾਂ ਇਸ ਤੋਂ ਮੁਨਕਰ ਹੋ ਰਹੇ ਹਨ ਕਿ ਪੰਚਕੂਲਾ ਵਿੱਚ ਹੋਏ ਖੂਨ-ਖ਼ਰਾਬੇ ਤੋਂ ਬਾਅਦ ਪੰਜਾਬ ਵਿਚ ਨਾ ਸਿਰਫ ਇੱਕਾ-ਦੁੱਕਾ ਅਤੇ ਮਾਮੂਲੀ ਘਟਨਾਵਾਂ ਹੀ ਵਾਪਰੀਆਂ ਹਨ ਸਗੋਂ ਕੋਈ ਜਾਨੀ ਨੁਕਸਾਨ ਵੀ ਨਹੀਂ ਹੋਇਆ। ਉਨਾਂ ਆਖਿਆ ਕਿ ਜੇਕਰ ਪੰਚਕੂਲਾ ਵਿਚ ਵੱਡੀ ਤਾਦਾਦ ਵਿਚ ਇਕੱਤਰ ਹੋਏ ਡੇਰਾ ਪ੍ਰੇਮੀ ਪੰਜਾਬ ਤੋਂ ਹੁੰਦੇ ਤਾਂ ਸਥਿਤੀ ਹੋਰ ਭਿਆਨਕ ਹੋਣੀ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪੰਚਕੂਲਾ ਵਿਚ ਸਥਿਤੀ ਬੇਕਾਬੂ ਹੋ ਜਾਣ ਦੀ ਇਜਾਜ਼ਤ ਦੇਣ ਲਈ ਅਦਾਲਤ ਨੇ ਵੀ ਹਰਿਆਣਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਮੁੱਖ ਮੰਤਰੀ ਨੇ ਖੱਟਰ ਨੂੰ ਇਸ ਮਸਲੇ ’ਤੇ ਸੌੜੀ ਸਿਆਸਤ ਖੇਡਣ ਤੋਂ ਸੰਕੋਚ ਕਰਨ ਦੀ ਅਪੀਲ ਕੀਤੀ ਜਿਸ ਵਿਚ ਵੱਡੀ ਗਿਣਤੀ ਵਿਚ ਮਨੁੱਖੀ ਜਾਨਾਂ ਗਈਆਂ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਿਆ।