ਡੇਰਾਬਸੀ, 
ਡੇਰਾ ਸਿਰਸਾ ਦੇ ਮੁਖੀ  ਗੁਰਮੀਤ ਸਿੰਘ ਰਾਮ ਰਹੀਮ ਨੂੰ ਸੀਬੀਆਈ ਦੀ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੰਚਕੂਲਾ ਵਿੱਚ ਹਿੰਸਾ ਭੜਕਾਉਣ ਦੇ ਮਾਮਲੇ ਵਿੱਚ ਨਾਮਜ਼ਦ ਡੇਰਾ ਮੁਖੀ ਦੇ ਨਜ਼ਦੀਕੀ ਪਵਨ ਇੰਸਾਂ ਨੂੰ ਹਰਿਆਣਾ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵੱਲੋਂ ਲਾਲੜੂ ਖੇਤਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਵਨ ਇੰਸਾਂ ਸਣੇ ਹੋਰਨਾਂ ਖ਼ਿਲਾਫ਼ ਹਿੰਸਾ ਭੜਕਾਉਣ ਦਾ ਕੇਸ ਦਰਜ ਹੋਣ ਤੋਂ ਬਾਅਦ ਪੁਲੀਸ ਨੂੰ ਇਹ ਡਰ ਸੀ ਕਿ ਪਵਨ ਦੇਸ਼ ਛੱਡ ਕੇ ਨੇ ਭੱਜ ਜਾਵੇ, ਜਿਸ ਕਰਕੇ ਪੁਲੀਸ ਨੇ ਪਵਨ ਦਾ ਲੁੱਕ ਆਊਟ ਨੋਟਿਸ ਵੀ ਜਾਰੀ ਕੀਤਾ ਹੋਇਆ ਸੀ। ਪਵਨ ਇੰਸਾਂ ਐਮਐਸਜੀ ਕੰਪਲੈਕਸ, ਸਿਰਸਾ (ਰਹਿਆਣਾ) ਦਾ ਰਹਿਣ ਵਾਲਾ ਹੈ। ਥਾਣਾ ਲਾਲੜੂ ਦੇ ਮੁਖੀ ਇੰਸਪੈਕਟਰ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਐਸਆਈਟੀ ਨੇ ਪਵਨ ਇੰਸਾਂ ਨੂੰ ਲਾਲੜੂ ਨੇੜੇ ਸਥਿਤ ਡਰਾਈਵ ਇੰਨ-22 ਨੇੜਿਓਂ ਸ਼ਾਮ ਕਰੀਬ 7 ਵਜੇ ਗ੍ਰਿਫ਼ਤਾਰ ਕੀਤਾ ਹੈ। ਐਸਆਈਟੀ ਦੀ ਅਗਵਾਈ  ਏਸੀਪੀ ਮੁਕੇਸ਼ ਮਲਹੋਤਰਾ ਕਰ ਰਹੇ ਸਨ ਜਿਨ੍ਹਾਂ ਨੇ ਪਵਨ ਇੰਸਾਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਇਸ ਸਬੰਧੀ ਜਾਣਕਾਰੀ ਲਾਲੜੂ ਪੁਲੀਸ ਨੂੰ ਦਿੱਤੀ।  ਟੀਮ ਵੱਲੋਂ ਲਗਾਤਾਰ ਡੇਰਾ ਮੁਖੀ ਦੇ ਕਰੀਬੀਆਂ ਦੇ ਫੋਨ ਰਿਕਾਰਡ ਕੀਤੇ ਜਾ ਰਹੇ ਸਨ, ਜਿਸ ਦੇ ਆਧਾਰ ’ਤੇ ਉਨ੍ਹਾਂ ਨੂੰ ਪਵਨ ਇੰਸਾਂ ਦੇ ਇੱਥੇ ਹੋਣ ਬਾਰੇ ਪੁਖ਼ਤਾ ਜਾਣਕਾਰੀ ਮਿਲੀ ਸੀ। ਉਪਰੰਤ ਟੀਮ ਨੇ ਘੇਰਾਬੰਦੀ ਕਰਕੇ ਪਵਨ ਨੂੰ ਦੇਰ ਸ਼ਾਮ ਇੱਥੋਂ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਪਵਨ ਨੂੰ ਉਸ ਸਮੇਂ ਕਾਬੂ ਕੀਤਾ ਜਦੋ ਪਵਨ ਸੜਕ ਕਿਨਾਰੇ ਖੜ੍ਹਾ ਕਿਸੇ ਦੀ ਉਡੀਕ ਕਰ ਰਿਹਾ ਸੀ। ਸੂਤਰਾਂ ਮੁਤਾਬਕ ਪਵਨ ਇੰਸਾਂ ਦੇ ਨਾਲ ਆਦਿਤਿਆ ਇੰਸਾਂ ਵੀ ਪੁਲੀਸ ਤੋਂ ਬਚਣ ਲਈ ਲੁੱਕ ਕੇ ਰਹਿ ਰਿਹਾ ਸੀ, ਜਿਸ ਨੇ ਕੁਝ ਦਿਨ ਪਹਿਲਾਂ ਹੀ ਆਪਣਾ ਟਿਕਾਣਾ ਬਦਲ ਲਿਆ ਸੀ। ਦੱਸਣਯੋਗ ਹੈ ਕਿ 26 ਅਗਸਤ ਨੂੰ ਪੰਚਕੂਲਾ ਪੁਲੀਸ ਨੇ ਆਦਿਤਿਆ ਇੰਸਾਂ, ਸੁਰਿੰਦਰ ਧੀਮਾਨ, ਪਵਨ ਇੰਸਾਂ, ਮਹਿੰਦਰ ਇੰਸਾਂ ਖ਼ਿਲਾਫ਼ ਦੰਗਾ ਭੜਕਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ, ਜਿਸ ਤੋਂ ਬਾਅਦ ਇਹ ਫ਼ਰਾਰ ਚੱਲ ਰਹੇ ਸਨ। ਹਰਿਆਣਾ ਪੁਲੀਸ ਇਨ੍ਹਾਂ ਦੀ ਭਾਲ ਨੇਪਾਲ ਬਾਰਡਰ ’ਤੇ ਕਰ ਰਹੀ ਸੀ, ਪਰ ਇਹ ਪੰਚਕੂਲਾ ਤੋਂ ਕੁਝ ਕਿਲੋਮੀਟਰ ਦੂਰ ਹੀ ਛੁਪਿਆ ਬੈਠਾ ਸੀ।