ਸਿਰਸਾ, ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਬੰਦ ਹੋਇਆ ਡੇਰਾ ਸਿਰਸਾ ਅੱਜ 71 ਦਿਨਾਂ ਬਾਅਦ ਸ਼ਾਹ ਮਸਤਾਨਾ ਦੇ ਜਨਮ ਦਿਨ ਮੌਕੇ ਖੁੱਲ੍ਹ ਗਿਆ। ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ 7 ਸਤੰਬਰ ਨੂੰ ਚੱਲੀ ਤਲਾਸ਼ੀ ਮੁਹਿੰਮ ਦੌਰਾਨ ਡੇਰੇ ਨੂੰ ਬੰਦ ਕੀਤਾ ਗਿਆ ਸੀ। ਡੇਰਾ ਖੁੱਲ੍ਹਣ ਦੀ ਖ਼ਬਰ ਜਿਉਂ ਹੀ ਸ਼ਰਧਾਲੂਆਂ ਨੂੰ ਮਿਲੀ ਤਾਂ ਲਗਪਗ ਤਿੰਨ ਹਜ਼ਾਰ ਸ਼ਰਧਾਲੂ ਡੇਰੇ ਵਿੱਚ ਪਹੁੰਚੇ। ਇਸ ਤੋਂ ਪਹਿਲਾਂ ਸ਼ਰਧਾਲੂ ਪੁਰਾਣੇ ਡੇਰੇ ਵਿੱਚ ਆ ਰਹੇ ਸਨ। ਅੱਜ ਡੇਰੇ ਵਿੱਚ ਨਾਮ ਚਰਚਾ ਵੀ ਹੋਈ ਅਤੇ ਡੇਰਾ ਮੁਖੀ ਦੀ ਮਾਂ ਨਸੀਬ ਕੌਰ ਨੇ ਲੋੜਵੰਦਾਂ ਨੂੰ ਰਾਸ਼ਨ ਵੰਡਿਆ।
ਡੇਰੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਵਿੱਚ ਜ਼ਿਆਦਾ ਗਿਣਤੀ ਔਰਤਾਂ ਦੀ ਹੈ। ਕਰੀਬ ਤਿੰਨ ਹਜ਼ਾਰ ਡੇਰਾ ਪ੍ਰੇਮੀਆਂ ਨੇ ਅੱਜ ਸ਼ਾਹ ਮਸਤਾਨਾ ਦੇ ਜਨਮ ਦਿਨ ਸਬੰਧੀ ਨਵੇਂ ਡੇਰੇ ਵਿੱਚ ਮੱਥਾ ਟੇਕਿਆ। ਡੇਰੇ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਔਰਤਾਂ ਅਤੇ ਪੁਰਸ਼ਾਂ ਦੀਆਂ ਵੱਖ ਵੱਖ ਕਤਾਰਾਂ ਬਣਾਈਆਂ ਗਈਆਂ। ਨਾਮ ਚਰਚਾ ਕਰਨ ਆਏ ਡੇਰਾ ਪ੍ਰੇਮੀਆਂ ਦੇ ਚਿਹਰੇ ਉਤੇ ਹੁਣ ਚਿੰਤਾ ਦੀਆਂ ਲਕੀਰਾਂ ਦੀ ਬਜਾਏ ਇਸ ਗੱਲ ਦੀ ਖ਼ੁਸ਼ੀ ਸੀ ਕਿ ਨਾਮ ਚਰਚਾ ਲਈ ਤਾਂ ਡੇਰਾ ਖੁੱਲ੍ਹ ਗਿਆ ਹੈ ਪਰ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਨਾਮ ਚਰਚਾ ਵਿੱਚ ਡੇਰਾ ਮੁਖੀ ਦੇ ਦੀਦਾਰ ਨਹੀਂ ਹੋਏ।
ਡੇਰੇ ਵਿੱਚ ਤਲਾਸ਼ੀ ਮੁਹਿੰਮ ਤੋਂ ਬਾਅਦ ਸਾਰੀਆਂ ਸਰਗਰਮੀਆਂ ਬੰਦ ਹੋ ਗਈਆਂ ਸਨ। ਕੁਝ ਗਿਣੇ ਚੁਣੇ ਸੇਵਕ ਅਤੇ ਡੇਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਹੀ ਡੇਰੇ ਵਿੱਚ ਸਨ। ਤਲਾਸ਼ੀ ਮੁਹਿੰਮ ਲਈ ਹਾਈ ਕੋਰਟ ਵੱਲੋਂ ਨਿਯੁਕਤ ਕੋਰਟ ਕਮਿਸ਼ਨਰ ਏ.ਕੇ.ਐਸ. ਪੰਵਾਰ ਦੋ ਦਿਨ ਪਹਿਲਾਂ ਸਿਰਸਾ ਆਏ ਸਨ। ਉਸ ਸਮੇਂ ਉਨ੍ਹਾਂ ਸਪੱਸ਼ਟ ਕਰ ਦਿੱਤਾ ਸੀ ਕਿ ਡੇਰੇ ਜਾਂ ਇਸ ਦੇ ਆਸ਼ਰਮਾਂ ਵਿੱਚ ਸਤਿਸੰਗ ਦੀ ਮਨਾਹੀ ਨਹੀਂ ਹੈ, ਜਿਸ ਤੋਂ ਬਾਅਦ ਕੈਥਲ ਵਿੱਚ ਡੇਰਾ ਆਸ਼ਰਮ ਖੋਲ੍ਹ ਦਿੱਤਾ ਗਿਆ ਸੀ ਅਤੇ ਅੱਜ ਸਿਰਸਾ ਵਿੱਚ ਡੇਰਾ ਹੈੱਡਕੁਆਰਟਰ ਨੂੰ ਵੀ ਨਾਮ ਚਰਚਾ ਲਈ ਖੋਲ੍ਹ ਦਿੱਤਾ ਗਿਆ। ਸਿਟੀ ਮੈਜਿਸਟਰੇਟ ਸੁਰਿੰਦਰ ਬੈਨੀਵਾਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੋਰਟ ਕਮਿਸ਼ਨਰ ਨੇ ਹੀ ਜਦੋਂ ਡੇਰੇ ਅਤੇ ਉਸ ਦੇ ਆਸ਼ਰਮਾਂ ਵਿੱਚ ਨਾਮ ਚਰਚਾ ਦੀ ਕਿਸੇ ਵੀ ਤਰ੍ਹਾਂ ਦੀ ਰੋਕ ਨਾ ਹੋਣ ਦੀ ਗੱਲ ਕਹਿ ਦਿੱਤੀ ਹੈ ਤਾਂ ਨਾਮ ਚਰਚਾ ਕੀਤੀ ਜਾ ਸਕਦੀ ਹੈ।