ਭੁੱਚੋ ਮੰਡੀ,  ਪੰਜਾਬ ਦੇ ਪ੍ਰਸਿੱਧ ਡੇਰਿਆਂ ਵਿੱਚ ਪਿੰਡ ਭੁੱਚੋ ਕਲਾਂ ਦੇ ‘ਡੇਰਾ ਰੂੰਮੀ ਸਾਹਿਬ’ ਦਾ ਨਾਮ ਸ਼ਾਮਲ ਹੈ। 136 ਸਾਲ ਪੁਰਾਣੇ ਇਸ ਡੇਰੇ ਨੂੰ ਦੇਸ਼ ਵਿਦੇਸ਼ ਵਿੱਚ ਪ੍ਰਸਿੱਧੀ ਹਾਸਲ ਹੈ। ਇਹ ਡੇਰਾ ਸੰਨ 1881 ਵਿੱਚ ਬਾਬਾ ਹਰਨਾਮ ਸਿੰਘ ਨੇ ਸ਼ੁਰੂ ਕੀਤਾ ਸੀ ਅਤੇ ਹੁਣ ਬਾਬਾ ਸੁਖਦੇਵ ਸਿੰਘ ਪੰਜਵੇਂ ਗੱਦੀਨਸ਼ੀਨ ਵਜੋਂ ਡੇਰਾ ਸੰਭਾਲ ਰਹੇ ਹਨ। ਇਸ ਡੇਰੇ ਦਾ ਜ਼ਿਆਦਾ ਵਿਸਥਾਰ ਚੌਥੇ ਮੁਖੀ ਬਾਬਾ ਖੇਮ ਸਿੰਘ ਦੇ ਸਮੇਂ ਹੋਇਆ।
ਇਸ ਡੇਰੇ ਨੂੰ ਸਿਰਮੌਰ ਸਿਆਸੀ ਆਗੂਆਂ ਦੀ ਸਰਪ੍ਰਸਤੀ ਹਾਸਲ ਹੈ। ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸ ਨਾਲ ਸਬੰਧਤ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਗੂ ਡੇਰੇ ਦੀ ਗੱਦੀ ’ਤੇ ਮੱਥਾ ਟੇਕਦੇ ਹਨ। ਬਾਦਲ ਪਰਿਵਾਰ ਵੱਲੋਂ ਡੇਰੇ ਵਿੱਚ ਸਭ ਤੋਂ ਵੱਧ ਚੱਕਰ ਲਾਏ ਜਾਂਦੇ ਹਨ।
ਪੰਜਾਬ ਦਾ ਡਿਪਟੀ ਸਪੀਕਰ ਬਣਦਿਆਂ ਮਲੋਟ ਤੋਂ ਕਾਂਗਰਸੀ ਵਿਧਾਇਕ ਅਜੈਬ ਸਿੰਘ ਭੱਟੀ ਡੇਰੇ ਵਿੱਚ ਪੁੱਜੇ। ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ ਅਤੇ ਹਲਕਾ ਭੁੱਚੋ ਦੇ ਮੌਜੂਦਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਵੀ ਡੇਰਾ ਮੁਖੀ ਤੋਂ ਪ੍ਰਸ਼ਾਦ ਲਿਆ। ਕੈਪਟਨ ਅਮਰਿੰਦਰ ਸਿੰਘ ਦੀ ਪੁਰਖਿਆਂ ਤੋਂ ਇਸ ਡੇਰੇ ਵਿੱਚ ਸ਼ਰਧਾ ਹੈ। ਮਹਾਰਾਜਾ ਪਟਿਆਲਾ ਵੱਲੋਂ ਮੰਗ ਕੇ ਲਈ ਸੇਵਾ ਵਿੱਚ ਉਨ੍ਹਾਂ ਡੇਰੇ ਦਾ ਦਰਬਾਰ ਸਾਹਿਬ ਬਣਾ ਕੇ ਦਿੱਤਾ ਸੀ। ਕੈਪਟਨ ਅਮਰਿੰਦਰ ਸਿੰਘ ਨੇ 2002 ਤੋਂ 2007 ਤੱਕ ਦੇ ਆਪਣੇ ਕਾਰਜਕਾਲ ਦੌਰਾਨ ਬਾਬਾ ਖੇਮ ਸਿੰਘ ਦੇ ਕਹਿਣ ’ਤੇ ਭੁੱਚੋ ਚੌਕ ਵਿਚਲੇ ਪੈਟਰੌਲ ਪੰਪਾਂ ਨੂੰ ਚੁੰਗੀ ਤੋਂ ਮੁਕਤ ਕਰਵਾਉਣ ਲਈ ਇਸ ਖੇਤਰ ਨੂੰ ਪਿੰਡ ਭੁੱਚੋ ਕਲਾਂ ਵਿੱਚ ਤਬਦੀਲ ਕਰ ਦਿੱਤਾ ਸੀ। ਹੋਰ ਸਿਆਸੀ ਲੀਡਰਾਂ ਵੱਲੋਂ ਵੀ ਡੇਰਾ ਮੁਖੀਆਂ ਦੇ ਬੋਲਾਂ ’ਤੇ ਫੁੱਲ ਚੜ੍ਹਾਏ ਜਾਂਦੇ ਹਨ।
ਲੋਕ ਜਨਸ਼ਕਤੀ ਪਾਰਟੀ ਪੰਜਾਬ ਦੇ ਸੂਬਾਈ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਪਹਿਲਾਂ ਇਸ ਡੇਰੇ ਵਿੱਚ ਜਾਤੀ ਵਿਤਕਰਾ ਰੱਖਿਆ ਜਾਂਦਾ ਸੀ। ਲੋਕਾਂ ਨੂੰ ਡੇਰੇ ਅੰਦਰ ਜਾਣ ਸਮੇਂ ਉਨ੍ਹਾਂ ਦੀ ਜਾਤ ਪੁੱਛੀ ਜਾਂਦੀ ਸੀ ਅਤੇ ਦਲਿਤ ਹੋਣ ’ਤੇ ਅੰਦਰ ਜਾਣੋਂ ਰੋਕ ਦਿੱਤਾ ਜਾਂਦਾ ਸੀ। ਇਕ ਦਹਾਕਾ ਪਹਿਲਾਂ ਪਾਰਟੀ ਵੱਲੋਂ ਜਾਤੀ ਵਿਤਕਰੇ ਖ਼ਿਲਾਫ਼ ਭੁੱਚੋ ਕਲਾਂ ਵਿੱਚ ਸੰਘਰਸ਼ ਕੀਤਾ ਗਿਆ। ਹੁਣ ਕਿਸੇ ਦੀ ਜਾਤ ਨਹੀਂ ਪੁੱਛੀ ਜਾਂਦੀ ਅਤੇ ਨਾ ਕਿਸੇ ਵਿਅਕਤੀ ਨੇ ਇਸ ਸਬੰਧੀ ਕੋਈ ਸ਼ਿਕਾਇਤ ਕੀਤੀ ਹੈ।
ਡੇਰਾ ਰੂੰਮੀ ਸਾਹਿਬ ਦੇ ਮੁੱਖ ਸੇਵਾਦਾਰ ਦਲਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਡੇਰਾ ਮੁਖੀ ਬਾਬਾ ਸੁਖਦੇਵ ਸਿੰਘ ਵੱਲੋਂ ਡੇਰੇ ਵਿੱਚ ਕੋਈ ਜਾਤੀ ਵਿਤਕਰਾ ਨਹੀਂ ਹੈ। ਦਲਿਤ ਭਾਈਚਾਰੇ ਦੇ ਲੋਕ ਵੀ ਡੇਰੇ ਵਿੱਚ ਆਉਂਦੇ ਹਨ।