ਪੰਜਾਬ ’ਚ ਨੀਮ ਫ਼ੌਜੀ ਬਲਾਂ ਦੀਆਂ 75 ਕੰਪਨੀਆਂ ਤਾਇਨਾਤ; 

ਹਰਿਆਣਾ ’ਚ ਧਾਰਾ 144 ਲਾਗੂ

ਚੰਡੀਗੜ੍ਹ, 23 ਅਗਸਤ
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਖ਼ਿਲਾਫ਼ ਸਾਧਵੀ ਬਲਾਤਕਾਰ ਕੇਸ ਵਿੱਚ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ 25 ਅਗਸਤ ਨੂੰ ਸੁਣਾਏ ਜਾਣ ਵਾਲੇ ਫੈਸਲੇ ਦੇ ਮੱਦੇਨਜ਼ਰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਚੌਕਸੀ ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਦੋਵੇਂ ਸੂਬਿਆਂ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਅੱਜ ਨੀਮ ਫੌਜੀ ਬਲਾਂ ਤੇ ਪੁਲੀਸ ਵੱਲੋਂ ਫਲੈਗ ਮਾਰਚ ਕੀਤਾ ਗਿਆ। ਹਰਿਆਣਾ ’ਚ ਧਾਰਾ 144 ਲਗਾ ਦਿੱਤੀ ਹੈ। ਪੰਜਾਬ ’ਚ ਨੀਮ ਫੌਜੀ ਬਲਾਂ ਦੀਆਂ 75 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਕੁਝ ਹੋਰ ਕੰਪਨੀਆਂ ਦੇ ਜਲਦੀ ਪਹੁੰਚਣ ਦੀ ਸੰਭਾਵਨਾ ਹੈ। ਪੇਸ਼ੀ ਤੋਂ ਤਿੰਨ ਦਿਨ ਪਹਿਲਾਂ ਅੱਜ ਸ਼ਾਮ ਤਕ ਪੰਚਕੂਲਾ ’ਚ 15-20 ਹਜ਼ਾਰ ਡੇਰਾ ਪ੍ਰੇਮੀ ਪਹੁੰਚ ਗਏ ਹਨ, ਜਿਸ ਨਾਲ ਹਰਿਆਣਾ ਪੁਲੀਸ ਦੀ ਸਿਰਦਰਦੀ ਵੱਧ ਗਈ ਹੈ ਅਤੇ ਧਾਰਾ 144 ਦਾ ਅਸਰ ਵੀ ਮੱਧਮ ਪੈਂਦਾ ਲੱਗ ਰਿਹਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਹਾਲਤ ’ਚ ਅਮਨ ਕਾਨੂੰਨ ਦੀ ਸਥਿਤੀ ਭੰਗ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਾਨੂੰਨ ਤੋੜਨ ਉਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਮੁੱਖ ਮੰਤਰੀ ਨੇ ਸ਼ਾਂਤੀ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਨੂੰ ਅਦਾਲਤ ਦਾ ਫ਼ੈਸਲਾ ਸਵੀਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸੰਵੇਦਨਸ਼ੀਲ ਇਲਾਕਿਆਂ ਦੇ ਹਵਾਈ ਸਰਵੇਖਣ ਲਈ ਡੀਜੀਪੀ ਨੂੰ ਸਰਕਾਰ ਵੱਲੋਂ ਹੈਲੀਕਾਪਟਰ ਦਿੱਤਾ ਗਿਆ ਹੈ। ਪੰਜਾਬ ਪੁਲੀਸ ਮੁਖੀ ਸੁਰੇਸ਼ ਅਰੋੜਾ ਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਹਰਿਆਣਾ ਨਾਲ ਲੱਗਦੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਅਤੇ ਸਾਰੇ ਜ਼ਿਲ੍ਹਿਆਂ ਦੀ ਪੁਲੀਸ ਨੂੰ ਚੌਕਸ ਕੀਤਾ। ਪੰਜਾਬ ਪੁਲੀਸ ਦੇ ਮੁਖੀ ਸੁਰੇਸ਼ ਅਰੋੜਾ ਹੋਰ ਸੀਨੀਅਰ ਅਧਿਕਾਰੀਆਂ ਸਮੇਤ ਅੱਜ ਸਵੇਰੇ ਹੈਲੀਕਾਪਟਰ ਰਾਹੀਂ ਸੂਬੇ ਦੇ ਸਭ ਤੋਂ ਨਾਜ਼ੁਕ ਜ਼ੋਨ ਬਠਿੰਡਾ ਪਹੁੰਚੇ। ਉਨ੍ਹਾਂ ਨੇ ਬਠਿੰਡਾ ਤੇ ਮਾਨਸਾ ਦੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਹਦਾਇਤ ਕੀਤੀ ਕਿ ਕਿਤੇ ਪੱਤਾ ਨਹੀਂ ਹਿੱਲਣਾ ਚਾਹੀਦਾ ਅਤੇ ਅਧਿਕਾਰੀਆਂ ਨੂੰ ਸਥਿਤੀ ਨਾਲ ਨਜਿੱਠਣ ਲਈ ਖੁੱਲ੍ਹੀ ਛੁੱਟੀ ਦਿੱਤੀ। ਇਸ ਬਾਅਦ ਉਨ੍ਹਾਂ ਨੇ ਮੋਗਾ ’ਚ ਫ਼ਰੀਦਕੋਟ, ਮੋਗਾ, ਜਗਰਾਉਂ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ। ਇਨ੍ਹਾਂ ਮੀਟਿੰਗਾਂ ’ਚ ਵਧੀਕ ਡੀਜੀਪੀ ਹਰਦੀਪ ਢਿੱਲੋਂ, ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਹਰਪ੍ਰੀਤ ਸਿੱਧੂ, ਬਠਿੰਡਾ ਜ਼ੋਨ ਦੇ ਆਈਜੀ ਮੁਖਵਿੰਦਰ ਛੀਨਾ ਵੀ ਹਾਜ਼ਰ ਸਨ। ਡੀਜੀਪੀ ਅਰੋੜਾ ਨੇ ਪਟਿਆਲਾ ਪੁਲੀਸ ਲਾਈਨ ’ਚ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਹਰਿਆਣਾ ਦੇ ਪੁਲੀਸ ਨਾਲ ਵੀ ਸੰਪਰਕ ਰੱਖਣ ’ਤੇ ਜ਼ੋਰ ਦਿੱਤਾ। ਦੇਰ ਸ਼ਾਮ ਪੰਜਾਬ ਤੇ ਹਰਿਆਣਾ ਦੇ ਪੁਲੀਸ ਮੁਖੀਆਂ ਸੁਰੇਸ਼ ਅਰੋੜਾ ਅਤੇ ਬਲਜੀਤ ਸਿੰਘ ਸੰਧੂ ਨੇ ਸਾਂਝੀ ਮੀਟਿੰਗ ਕੀਤੀ, ਜਿਸ ਵਿੱਚ ਆਪਸੀ ਤਾਲਮੇਲ ਵਧਾਉਣ ਸਮੇਤ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।

ਆਈਏਐਸ ਅਧਿਕਾਰੀ ਉਮਾਸ਼ੰਕਰ ਨੂੰ ਨਹੀਂ ਮਿਲਿਆ ਡੇਰਾ ਮੁਖੀ

ਸੀਨੀਅਰ ਆਈਏਐਸ ਅਧਿਕਾਰੀ ਵੀ. ਉਮਾਸ਼ੰਕਰ ਡੇਰਾ ਸੱਚਾ ਸੌਦਾ ਪੁੱਜੇ ਤੇ ਕਮੇਟੀ ਦੇ ਕੁਝ ਮੈਂਬਰਾਂ ਨੂੰ ਮਿਲੇ ਪਰ ਉਨ੍ਹਾਂ ਨੂੰ ਡੇਰਾ ਮੁਖੀ ਨਾਲ ਮੁਲਾਕਾਤ ਲਈ ਸਮਾਂ ਨਹੀਂ ਦਿੱਤਾ ਗਿਆ। ਸੂਤਰਾਂ ਮੁਤਾਬਕ ਇਸ ਅਧਿਾਕਰੀ ਦੀ ਡੇਰਾ ਮੁਖੀ ਨਾਲ ਮੀਟਿੰਗ ਵੀਰਵਾਰ ਨੂੰ ਹੋਵੇਗੀ। ਜਾਣਕਾਰੀ ਮੁਤਾਬਕ ਸ੍ਰੀ ਉਮਾਸ਼ੰਕਰ ਡੇਰੇ ਦੇ ਚੇਅਰਪਰਸਨ ਵਿਪਾਸਨਾ ਅਤੇ ਸੀਨੀਅਰ ਵਾਈਸ ਚੇਅਰਪਰਸਨ ਡਾ. ਪ੍ਰਿਥਵੀਰਾਜ ਨੈਨ ਨੂੰ ਮਿਲੇ। ਇਹ ਮੁਲਾਕਾਤ ਫ਼ਿਲਮ ਐਮਐਸਜੀ ਦੇ ਨਿਰਮਾਤਾ ਪੰਕਜ ਖੇਮਕਾ ਨੇ ਕਰਵਾਈ।