ਪਟਿਆਲਾ, 29 ਅਗਸਤ, ਸ਼ੂਟਿੰਗ ਲਈ ਤੈਅ ਸਮੇਂ ਤੋਂ ਤਕਰੀਬਨ ਇਕ ਹਫ਼ਤਾ ਬਾਅਦ ਵੀ ਅਦਾਕਾਰਾ ਆਲੀਆ ਭੱਟ ਅਤੇ ਫਿਲਮ ‘ਰਾਜ਼ੀ’ ਦੀ ਪੂਰੀ ਟੀਮ ਡੇਰਾ ਸਿਰਸਾ ਮੁਖੀ ਦੇ ਵਿਵਾਦ ਕਾਰਨ ਪਟਿਆਲਾ ਵਿੱਚ ਫਸੀ ਹੋਈ ਹੈ। ਪਾਕਿਸਤਾਨੀ ਅਫ਼ਸਰ (ਜਿਸ ਦੀ ਭੂਮਿਕਾ ਵਿੱਕੀ ਕੌਸ਼ਲ ਨਿਭਾ ਰਿਹਾ ਹੈ), ਨਾਲ ਵਿਆਹ ਕਰਵਾਉਣ ਵਾਲੀ ਕਸ਼ਮੀਰੀ ਲੜਕੀ ਅਤੇ ਭਾਰਤੀ ਖ਼ੁਫ਼ੀਆ ਏਜੰਸੀਆਂ ਦੇ ਜਾਸੂਸਾਂ ਦੀ ਕਹਾਣੀ ਉਤੇ ਆਧਾਰਤ ਇਸ ਫਿਲਮ ਦੀ ਸ਼ੂਟਿੰਗ ਪਟਿਆਲਾ ਦੀਆਂ ਵੱਖ ਵੱਖ ਥਾਵਾਂ ਉਤੇ ਚੱਲ ਰਹੀ ਹੈ।
ਜਦੋਂ ਇਸ ਫਿਲਮ ਦੀ ਪਟਿਆਲਾ ਦੇ ਸਰਕਟ ਹਾਊਸ ਵਿੱਚ ਸ਼ੂਟਿੰਗ ਚੱਲ ਰਹੀ ਸੀ ਤਾਂ ਡੇਰਾ ਸਿਰਸਾ ਮੁਖੀ ਨੂੰ ਸਜ਼ਾ ਸੁਣਾਉਣ ਕਾਰਨ ਪੰਜਾਬ ਤੇ ਹਰਿਆਣਾ ਵਿੱਚ ਹਿੰਸਾ ਭੜਕਣ ਤੋਂ ਬਾਅਦ ਫਿਲਮ ਨਿਰਦੇਸ਼ਕ ਮੇਘਨਾ ਗੁਲਜ਼ਾਰ ਨੇ ਸ਼ੂਟਿੰਗ ਵਿਚਾਲੇ ਰੱਦ ਕਰ ਦਿੱਤੀ। ਪਟਿਆਲਾ ਵਿੱਚ ਇਸ ਦਾ ਫਿਲਮਾਂਕਣ 12 ਸਤੰਬਰ ਤੱਕ ਚੱਲਣਾ ਸੀ। ਹਾਲੀਆ ਹਿੰਸਾ ਅਤੇ ਕਰਫਿਊ ਦੀਆਂ ਬੰਦਸ਼ਾਂ ਕਾਰਨ ਕਈ ਟੀਮ ਮੈਂਬਰ ਇੱਥੇ ਹੀ ਫਸ ਗਏ, ਜਦੋਂ ਕਿ ਉਨ੍ਹਾਂ ਗਣੇਸ਼ ਚਤੁਰਥੀ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਮੁੰਬਈ ਦੀਆਂ ਟਿਕਟਾਂ ਅਗਾਊਂ ਬੁੱਕ ਕਰਵਾਈਆਂ ਹੋਈਆਂ ਸਨ।
ਟੀਮ ਅਮਲੇ ਦੇ ਇਕ ਸੂਤਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕਰਫਿਊ ਕਾਰਨ ਸ਼ੂਟਿੰਗ ਬੰਦ ਹੋਣ ਤੋਂ ਬਾਅਦ ਪੂਰੀ ਟੀਮ ਹੋਟਲ ਨੀਮਰਾਣਾ ਵਿੱਚ ਠਹਿਰੀ ਹੋਈ ਹੈ। ਮੋਬਾਈਲ ਫੋਨਾਂ ਉਤੇ ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਅਮਲੇ ਨੂੰ ਫਿਲਮਾਂਕਣ ਮੁਕੰਮਲ ਕਰਨ ਵਿੱਚ ਦਿੱਕਤ ਆ ਰਹੀ ਹੈ। ਕਈ ਮੈਂਬਰਾਂ ਨੇ ਗਣੇਸ਼ ਚਤੁਰਥੀ ਲਈ ਵਿਸ਼ੇਸ਼ ਯੋਜਨਾਵਾਂ ਬਣਾਈਆਂ ਸਨ ਪਰ ਉਹ ਹੋਟਲ ਵਿੱਚੋਂ ਨਿਕਲ ਕੇ ਕੋਈ ਜ਼ੋਖ਼ਮ ਨਹੀਂ ਲੈਣਾ ਚਾਹੁੰਦੇ।
ਟੀਮ ਦੇ ਇਕ ਮੈਂਬਰ ਨੇ ਪੁਸ਼ਟੀ ਕੀਤੀ ਕਿ ਸਾਰੀ ਟੀਮ ਸ਼ੁੱਕਰਵਾਰ ਤੋਂ ਹੋਟਲ ਵਿੱਚ ਠਹਿਰੀ ਹੋਈ ਹੈ ਅਤੇ ਆਲੀਆ ਭੱਟ ਅੱਜ ਸਵੇਰੇ ਸੈਰ ਲਈ ਬਾਰਾਦਰੀ ਗਾਰਡਨਜ਼ ਵਿੱਚ ਆਈ, ਜਿੱਥੇ ਉਹ ਕੁਝ ਪ੍ਰਸੰਸਕਾਂ ਨੂੰ ਮਿਲੀ। ਇਸ ਦੌਰਾਨ ਟੀਮ ਦੇ ਇਕ ਅੰਦਰੂਨੀ ਸੂਤਰ ਨੇ ਕਿਹਾ ਕਿ ਆਲੀਆ ਜ਼ਿਆਦਾਤਰ ਸਮਾਂ ਆਪਣੇ ਕਮਰੇ ਵਿੱਚ ਹੀ ਰਹਿੰਦੀ ਹੈ ਅਤੇ ਉਹ ਪੰਜਾਬ ਤੇ ਹਰਿਆਣਾ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਖ਼ਬਰਾਂ ਸੁਣਨ ਨੂੰ ਤਰਜੀਹ ਦੇ ਰਹੀ ਹੈ। ਇਸ ਫਿਲਮ ਦੀ ਸ਼ੂਟਿੰਗ ਯਾਦਵਿੰਦਰਾ ਪਬਲਿਕ ਸਕੂਲ ਤੇ ਸਰਕਟ ਹਾਊਸ ਪਟਿਆਲਾ ਵਿੱਚ ਚੱਲ ਰਹੀ ਸੀ। ਹੋਰ ਥਾਈਂ ਵੀ ਫਿਲਮਾਂਕਣ ਹੋਣਾ ਸੀ ਪਰ ਕਰਫਿਊ ਤੇ ਧਾਰਾ 144 ਲੱਗਣ ਕਾਰਨ ਅਮਲੇ ਨੂੰ ਸਾਜ਼ੋ-ਸਾਮਾਨ ਇਕ ਥਾਂ ਤੋਂ ਦੂਜੀ ਥਾਂ ਲੈ ਜਾਣਾ ਮੁਸ਼ਕਲ ਹੋ ਗਿਆ।
ਟੀਮ ਨੇ ਸ਼ੂਟਿੰਗ ਦੀਆਂ ਮਿਤੀਆਂ ਮੁੜ ਵਿਉਂਤਣ ਲਈ ਮੀਟਿੰਗਾਂ ਕੀਤੀਆਂ ਪਰ ਉਹ ਫਿਲਮਾਂਕਣ ਸ਼ੁਰੂ ਨਹੀਂ ਕਰ ਸਕੇ। ਇਸ ਲਈ ਟੀਮ ਨੇ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਦੇਖਦਿਆਂ ਹੁਣ ਅਗਲੇ ਦੋ ਦਿਨਾਂ ਤੱਕ ਹੋਟਲ ਵਿੱਚ ਹੀ ਰੁਕਣ ਦਾ ਫੈਸਲਾ ਕੀਤਾ ਹੈ ਅਤੇ ਰੇਲ ਗੱਡੀਆਂ ਤੇ ਹਵਾਈ ਜਹਾਜ਼ਾਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਹਨ। ਸਾਰੇ ਅਮਲੇ ਨੇ ਸਥਿਤੀ ਵਿੱਚ ਸੁਧਾਰ ਤੱਕ ਇੰਤਜ਼ਾਰ ਕਰਨ ਦਾ ਫੈਸਲਾ ਲਿਆ ਹੈ। ਇਸ ਫਿਲਮ ਦਾ ਨਿਰਮਾਣ ‘ਜੰਗਲੀ ਪਿਕਚਰਜ਼’ ਅਤੇ ‘ਧਰਮਾ ਪ੍ਰੋਡਕਸ਼ਨਜ਼’ ਕਰ ਰਹੇ ਹਨ। ਇਸ ਦੀ ਕਹਾਣੀ ਹਰਿੰਦਰ ਸਿੱਕਾ ਦੇ ਨਾਵਲ ‘ਕਾਲਿੰਗ ਸਹਿਮਤ’ ਉਤੇ ਆਧਾਰਤ ਹੈ।