ਬਠਿੰਡਾ, ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਪਰਿਵਾਰ ਨੇ ਸਰਕਾਰੀ ਸੁਰੱਖਿਆ ਲੈਣ ਤੋਂ ਨਾਂਹ ਕਰ ਦਿੱਤੀ ਹੈ। ਡੇਰਾ ਮੁਖੀ ਦੀ ਮਾਂ ਨਸੀਬ ਕੌਰ, ਪਤਨੀ ਹਰਜੀਤ ਕੌਰ, ਲੜਕਾ ਜਸਮੀਤ ਇੰਸਾ ਅਤੇ ਉਨ੍ਹਾਂ ਦੀ ਪਤਨੀ ਆਪਣੇ ਜੱਦੀ ਪਿੰਡ ਗੁਰੂਸਰ ਮੋਡੀਆ (ਹਨੂੰਮਾਨਗੜ੍ਹ) ਪੁੱਜ ਗਏ ਹਨ। ਸੀਬੀਆਈ ਅਦਾਲਤ ਵੱਲੋਂ ਸਖ਼ਤ ਸਜ਼ਾ ਸੁਣਾਏ ਜਾਣ ਮਗਰੋਂ ਡੇਰਾ ਮੁਖੀ ਦਾ ਪਰਿਵਾਰ ਗਹਿਰੇ ਸਦਮੇ ਵਿੱਚ ਹੈ। ਲੰਘੇ 24 ਘੰਟਿਆਂ ਵਿੱਚ ਪਰਿਵਾਰ ਨੇ ਸਭ ਕਿਸੇ ਨੂੰ ਮਿਲਣ ਤੋਂ ਗੁਰੇਜ਼ ਹੀ ਕੀਤਾ ਹੈ। ਪਿੰਡ ਗੁਰੂਸਰ ਮੋਡੀਆ ਵਿੱਚ ਡੇਰਾ ਮੁਖੀ ਦਾ ਪਰਿਵਾਰ ਕੱਲ੍ਹ ਕਰੀਬ 4 ਵਜੇ ਪੁੱਜ ਗਿਆ ਸੀ।
ਡੇਰਾ ਮੁਖੀ ਦਾ ਪਰਿਵਾਰ ਆਪਣੇ ਪਿੰਡ ਵਿਚਲੇ ਘਰ ਵਿੱਚ ਠਹਿਰਿਆ ਹੋਇਆ ਹੈ ਜਿਸ ਦੇ ਬੂਹੇ ਬੰਦ ਕੀਤੇ ਹੋਏ ਹਨ ਅਤੇ ਕਿਸੇ ਨੂੰ ਵੀ ਘਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ। ਡੇਰਾ ਸਿਰਸਾ ਦੇ ਦਰਜਨਾਂ ਪੈਰੋਕਾਰਾਂ ਨੇ ਰਿਹਾਇਸ਼ ਉੱਤੇ ਪਹਿਰਾ ਲਾਇਆ ਹੋਇਆ ਹੈ। ਰਾਜਸਥਾਨ ਪੁਲੀਸ ਨੇ ਪਰਿਵਾਰ ਨੂੰ ਸੁਰੱਖਿਆ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਪਰਿਵਾਰ ਨੇ ਠੁਕਰਾ ਦਿੱਤੀ ਹੈ। ਜਿਲ੍ਹਾ ਹਨੂੰਮਾਨਗੜ੍ਹ ਦੇ ਥਾਣਾ ਗੋਲੂਵਾਲਾ ਦੇ ਮੁੱਖ ਥਾਣਾ ਅਫਸਰ ਬੂਟਾ ਸਿੰਘ ਡੇਰਾ ਮੁਖੀ ਦੇ ਘਰ ਗਏ ਸਨ ਅਤੇ ਸਰਕਾਰ ਦੀ ਤਰਫ਼ੋਂ ਸੁਰੱਖਿਆ ਦੀ ਪੇਸ਼ਕਸ਼ ਕੀਤੀ ਪਰ ਕਿਸੇ ਨੇ ਹਾਮੀ ਨਹੀਂ ਭਰੀ। ਪਰਿਵਾਰ ਦੇ ਨੇੜਲਿਆਂ ਨੇ ਦੱਸਿਆ ਕਿ ਪਰਿਵਾਰ ਬਹੁਤ ਸਦਮੇ ਵਿੱਚ ਹੈ, ਕਿਸੇ ਨੂੰ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ ਹੈ। ਪੁਲੀਸ ਨੇ ਵੀ ਇਹੋ ਹਦਾਇਤ ਦਿੱਤੀ ਹੈ ਕਿ ਆਮ ਲੋਕਾਂ ਨੂੰ ਫਿਲਹਾਲ ਪਰਿਵਾਰ ਤੋਂ ਦੂਰ ਰੱਖਿਆ ਜਾਵੇ। ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਉਹ ਖ਼ੁਦ ਹੀ ਪਰਿਵਾਰ ਦੀ ਸੁਰੱਖਿਆ ਕਰਨਗੇ।    ਜਾਣਕਾਰੀ ਅਨੁਸਾਰ ਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ ਜੋ ਡੇਰਾ ਮੁਖੀ ਦੇ ਰਿਸ਼ਤੇਦਾਰ  ਹਨ, ਵੀ ਰਾਤ ਪਿੰਡ ਗੁਰੂਸਰ ਮੋਡੀਆ ਵਿੱਚ ਜਾ ਕੇ ਪਰਿਵਾਰ ਨੂੰ ਮਿਲੇ ਅਤੇ ਰਾਤ ਵਕਤ ਹੀ ਵਾਪਸ ਬਠਿੰਡਾ ਆ ਗਏ। ਸੂਤਰ ਦੱਸਦੇ ਹਨ ਕਿ ਡੇਰਾ ਸਿਰਸਾ ਦੇ ਵਾਰਸ ਬਣਾਏ ਜਾਣ ਸਬੰਧੀ ਹਾਲੇ ਕੋਈ ਫੈਸਲਾ ਨਹੀਂ ਹੋਇਆ।

ਪੁਲੀਸ ਨੇ ਪਿੰਡ ਦੀ ਕੀਤੀ ਨਾਕੇਬੰਦੀ

ਥਾਣਾ ਗੋਲੂਵਾਲਾ (ਹਨੂੰਮਾਨਗੜ੍ਹ) ਦੇ ਮੁੱਖ ਥਾਣਾ ਅਫਸਰ ਬੂਟਾ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਪੁਲੀਸ ਤਾਇਨਾਤ ਕੀਤੀ ਗਈ ਹੈ ਅਤੇ ਨਾਕੇਬੰਦੀ ਕੀਤੀ ਗਈ ਹੈ। ਘਰ ਦੇ ਬਾਹਰ ਡੇਰਾ ਪ੍ਰੇਮੀ ਪਹਿਰਾ ਦੇ ਰਹੇ ਹਨ।