ਤਲਵੰਡੀ ਸਾਬੋ, 29 ਅਗਸਤ
ਡੇਰਾ ਸਿਰਸਾ ਮੁਖੀ ਨੂੰ ਜਬਰ ਜਨਾਹ ਦਾ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ ਵਿੱਚ ਹੋਈ ਹਿੰਸਾ ਵਿੱਚ ਮਾਰੇ ਗਏ ਪਿੰਡ ਬੰਗੀ ਨਿਹਾਲ ਸਿੰਘ    ਵਾਲਾ ਦੇ ਇੱਕ ਡੇਰਾ ਪ੍ਰੇਮੀ ਦਾ ਪਰਿਵਾਰ ਤਖ਼ਤ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਇਆ ਤੇ ਸਿੱਖ ਧਰਮ ਵਿੱਚ ਵਾਪਸੀ ਦੀ ਇੱਛਾ ਪ੍ਰਗਟਾਈ।
ਪਿੰਡ ਬੰਗੀ ਨਿਹਾਲ ਸਿੰਘ ਵਾਲਾ ਦਾ ਹਰੀ ਸਿੰਘ ਲੰਮੇਂ ਸਮੇਂ ਤੋਂ ਡੇਰਾ ਸਿਰਸਾ ਨਾਲ ਜੁੜਿਆ ਹੋਇਆ ਸੀ। ਡੇਰਾ ਮੁਖੀ ਦੀ 25 ਅਗਸਤ ਨੂੰ ਸੀਬੀਆਈ ਅਦਾਲਤ, ਪੰਚਕੂਲਾ ਵਿੱਚ ਪੇਸ਼ੀ ਮੌਕੇ ਉਹ ਪਿੰਡ ਦੇ ਹੋਰ ਡੇਰਾ ਪ੍ਰੇਮੀਆਂ ਨਾਲ ਉਥੇ ਗਿਆ ਸੀ। ਉਥੇ ਸਿਰ ਵਿੱਚ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਕੱਲ੍ਹ ਪਰਿਵਾਰ ਨੇ ਹਰੀ ਸਿੰਘ ਦੇ ਸਸਕਾਰ ਉਪਰੰਤ ਪਿੰਡ ਦੇ ਗੁਰਦੁਆਰੇ ਦੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਨਾਲ ਸੰਪਰਕ ਕਰ ਕੇ ਸਿੱਖ ਧਰਮ ਵਿੱਚ ਵਾਪਸੀ ਅਤੇ ਹਰੀ ਸਿੰਘ ਦੀਆਂ ਅੰਤਿਮ ਰਸਮਾਂ ਸਿੱਖ ਰੀਤਾਂ ਮੁਤਾਬਕ ਕਰਨ ਦੀ ਇੱਛਾ ਪ੍ਰਗਟਾਈ ਸੀ। ਹਰੀ ਸਿੰਘ ਦੇ ਦੋਵੇਂ ਪੁੱਤਰ ਰਾਜਪਾਲ ਸਿੰਘ ਤੇ ਗੁਰਮੀਤ ਸਿੰਘ ਤਖ਼ਤ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ ਤੇ ਜਥੇਦਾਰ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸਿੱਖ ਹੋਣ ਦੇ ਨਾਤੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਨ ਅਤੇ ਆਪਣੇ ਪਿਤਾ ਦੀ ਆਤਮਿਕ ਸ਼ਾਂਤੀ ਲਈ ਅਖੰਡ ਪਾਠ ਕਰਵਾਉਣਾ ਚਾਹੁੰਦੇ ਹਨ। ਜਥੇਦਾਰ ਨੇ ਦੋਵਾਂ ਨੌਜਵਾਨਾਂ ਨੂੰ ਸਿਰੋਪਾਓ ਦੇ ਕੇ ਉਨ੍ਹਾਂ ਦੇ ਫੈਸਲੇ ਦਾ ਸਵਾਗਤ ਕੀਤਾ। ਜਥੇਦਾਰ ਨੇ ਸ਼੍ਰੋਮਣੀ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਨੂੰ ਹਦਾਇਤ ਕੀਤੀ ਕਿ ਪਰਿਵਾਰ ਨੂੰ ਅੰਤਿਮ ਅਰਦਾਸ ਲਈ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਿੱਤਾ ਜਾਵੇ।
ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਡੇਰਾ ਸਿਰਸਾ ਦੇ ਪੈਰੋਕਾਰਾਂ ਨੂੰ ਸਿੱਖੀ ਵੱਲ ਮੋੜਨ ਦੇ ਰੌਂਅ ਵਿੱਚ ਹੈ| ਕਮੇਟੀ ਦੇ ਧਿਆਨ ’ਚ ਲਿਆਂਦਾ ਜਾ ਰਿਹਾ ਹੈ ਕਿ ਪੰਜਾਬ ਤੇ ਹਰਿਆਣਾ ਦੇ ਵੱਡੀ ਗਿਣਤੀ ਸਿੱਖ ਪਰਿਵਾਰ ਡੇਰਾ ਮੁਖੀ ਦੇ ਪੈਰੋਕਾਰ ਬਣ ਚੁੱਕੇ ਹਨ| ਡੇਰਾ ਮੁਖੀ ਨੂੰ ਬਲਾਤਕਾਰ ਦੇ ਦੋਸ਼ ਹੇਠ ਸਜ਼ਾ ਸੁਣਾਏ ਜਾਣ ਤੋਂ ਬਾਅਦ ਸਿੱਖ ਹਲਕਿਆਂ ਵੱਲੋਂ ਸ਼ੋ੍ਮਣੀ ਕਮੇਟੀ ’ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਡੇਰਾ ਪੈਰੋਕਾਰਾਂ ’ਤੇ ਧਿਆਨ ਕੇਂਦਰਿਤ ਕਰੇ|
ਪੰਚਕੂਲਾ ਵਿੱਚ ਹੋਈਆਂ ਹਿੰਸਕ ਘਟਨਾਵਾਂ ’ਚ ਸਿੱਖ ਪਿਛੋਕੜ ਵਾਲੇ ਪਰਿਵਾਰਾਂ ਦੇ ਕਈ ਜੀਅ ਮੌਤ ਦੇ ਮੂੰਹ ’ਚ ਜਾ ਪਏ ਤੇ ਕਈ ‘ਪ੍ਰੇਮੀਆਂ’ ਦੀ ਹੈਸੀਅਤ ਵਿੱਚ ਘਰਾਂ ਤੋਂ ਫ਼ਰਾਰ ਹਨ| ਸਿੱਖ ਬੁੱਧੀਜੀਵੀ ਕੌਂਸਲ ਦੇ ਪ੍ਰਧਾਨ ਪ੍ਰੋ. ਬਲਦੇਵ ਸਿੰਘ ਬਲੂਆਣਾ ਦਾ ਕਹਿਣਾ ਹੈ ਕਿ ਹੁਣ ਬਦਲੇ ਹੋਏ ਹਾਲਾਤ ’ਚ ਸਿੱਖੀ ਨਾਲੋਂ ਬੇਮੁੱਖ ਹੋ ਕੇ ਡੇਰੇ ਨਾਲ ਜੁੜੇ ਲੋਕਾਂ ਨੂੰ ਮੁੜ ਸਿੱਖੀ ਵੱਲ ਲਿਆਉਣ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਪਹਿਲਕਦਮੀ ਕਰਨ ਦੀ ਲੋੜ ਹੈ| ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕ੍ਰਿਪਾਲ ਸਿੰਘ ਬੰਡੂਗਰ ਦਾ ਕਹਿਣਾ ਹੈ ਕਿ ਲੰਮੇ ਸਲਾਹ-ਮਸ਼ਵਰੇ ਮਗਰੋਂ ਹੀ ਇਸ ਸਬੰਧੀ ਕਿਸੇ ਸਿੱਟੇ ’ਤੇ ਪਹੁੰਚਿਆ ਜਾ ਸਕਦਾ ਹੈ। ਉਨ੍ਹਾਂ ਮੰਨਿਆ ਕਿ ਵੱਡੀ ਗਿਣਤੀ ਸੰਗਤ ਸ਼੍ਰੋਮਣੀ ਕਮੇਟੀ ’ਤੇ ਦਬਾਅ ਬਣਾ ਰਹੀ ਹੈ ਕਿ ਪ੍ਰੇਮੀਆਂ ਨੂੰ ਸਿੱਖੀ ਵੱਲ ਮੋੜਿਆ ਜਾਵੇ।