ਰੋਹਤਕ\ਚੰਡੀਗੜ੍ਹ : ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਲੋਂ ਸਾਧਵੀ ਯੋਨ ਸ਼ੋਸ਼ਣ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਕੋਰਟ ਨੇ 20 ਸਾਲ ਦੀ ਸਜ਼ਾ ਦਿੱਤੀ ਹੈ। ਡੇਰਾ ਮੁਖੀ ਖਿਲਾਫ 25 ਅਗਸਤ ਸ਼ੁੱਕਰਵਾਰ ਨੂੰ ਦੋਸ਼ ਤੈਅ ਹੋ ਗਏ ਸਨ ਅਤੇ ਅਦਾਲਤ ਨੇ ਸਜ਼ਾ ਲਈ 28 ਅਗਸਤ ਦਾ ਦਿਨ ਮੁਕੱਰਰ ਕੀਤਾ ਸੀ।
ਪ੍ਰਸ਼ਾਸਨ ਵਲੋਂ ਜੇਲ ਵਿਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਲਗਾਈ ਗਈ ਅਤੇ ਹੈਲੀਕਾਪਟਰ ਰਾਹੀਂ ਪੰਚਕੂਲ ਤੋਂ ਰੋਹਤਕ ਜੇਲ ਪਹੁੰਚੇ ਜੱਜ ਜਗਦੀਪ ਸਿੰਘ ਨੇ ਫੈਸਲਾ ਸੁਣਾਉਂਦੇ ਹੋਏ ਡੇਰਾ ਮੁਖੀ ਨੂੰ 20 ਸਾਲ ਦੀ ਸਜ਼ਾ ਦਿੱਤੀ ਹੈ।
ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਅਤੇ ਮਾਹੌਲ ਨੂੰ ਕਾਬੂ ਹੇਠ ਕਰਨ ਲਈ ਪੁਲਸ ਵਲੋਂ ਪੰਚਕੂਲਾ, ਹਰਿਆਣਾ ਅਤੇ ਮਾਲਵਾ ਦੇ ਕਈ ਇਲਾਕਿਆਂ ਵਿਚ ਪਹਿਲਾਂ ਹੀ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ 25 ਅਗਸਤ ਨੂੰ ਫੈਸਲਾ ਆਉਣ ਤੋਂ ਬਾਅਦ ਭੜਕੇ ਡੇਰਾ ਪ੍ਰੇਮੀਆਂ ਅਤੇ ਪੁਲਸ ਵਿਚਾਲੇ ਝੜਪ ਹੋਈ ਸੀ। ਇਸ ਝੜਪ ਦੌਰਾਨ 30 ਵੱਧ ਡੇਰਾ ਪ੍ਰੇਮੀਆਂ ਨੂੰ ਜਾਨ ਤੋਂ ਹੱਥ ਧੋਣਾ ਪਿਆ ਸੀ।