ਪਾਇਲ, 13 ਦਸੰਬਰ
ਤਹਿਸੀਲ ਦੇ ਪਿੰਡ ਨਾਨਕਪੁਰ ਜਗੇੜਾ ਵਿੱਚ 25 ਫਰਵਰੀ ਨੂੰ ਕਤਲ ਕੀਤੇ ਡੇਰਾ ਸਿਰਸਾ ਦੇ ਸੇਵਾਦਾਰ ਪਿਓ-ਪੁੱਤ ਮਾਮਲੇ ਵਿੱਚ 4 ਮੁਲਜ਼ਮਾਂ ਨੂੰ ਇੱਥੋਂ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਨ੍ਹਾਂ ਵਿੱਚੋਂ 3 ਮੁਲਜ਼ਮਾਂ ਨੂੰ ਅਦਾਲਤ ਨੇ 22 ਦਸੰਬਰ ਤੱਕ ਜੁਡੀਸ਼ਲ ਰਿਮਾਂਡ ’ਤੇ ਭੇਜ ਦਿੱਤਾ, ਜਦੋਂਕਿ ਇੱਕ ਮੁਲਜ਼ਮ ਦੇ ਪੁਲੀਸ ਰਿਮਾਂਡ ਵਿੱਚ ਦੋ ਦਿਨਾਂ ਦਾ ਵਾਧਾ ਕੀਤਾ ਗਿਆ ਹੈ।
ਡੇਰਾ ਪ੍ਰੇਮੀ ਪਿਓ-ਪੁੱਤ ਦੇ ਕਤਲ ਕੇਸ ਵਿੱਚ ਜੰਮੂ ਵਾਸੀ ਤਲਜੀਤ ਸਿੰਘ ਜਿੰਮੀ ਨੂੰ ਥਾਣਾ ਮਲੌਦ ਦੀ ਪੁਲੀਸ ਨੇ 5 ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਜੱਜ ਗੁਰਮਹਿਤਾਬ ਸਿੰਘ ਦੀ ਅਦਾਲਤ ਵਿੱਚ ਪੇਸ਼ ਕਰ ਕੇ ਹੋਰ ਰਿਮਾਂਡ ਦੀ ਮੰਗ ਕੀਤੀ ਸੀ। ਅਦਾਲਤ ਨੇ ਜਿੰਮੀ ਦੇ ਪੁਲੀਸ ਰਿਮਾਂਡ ਵਿੱਚ 2 ਦਿਨ ਦਾ ਵਾਧਾ ਕਰਨ ਸਮੇਤ ਪੁਲੀਸ ਨੂੰ ਕੁਝ ਹਦਾਇਤਾਂ ਵੀ ਦਿੱਤੀਆਂ ਹਨ। ਇਸ ਮੌਕੇ ਪਾਇਲ ਦੇ ਡੀਐਸਪੀ ਰਛਪਾਲ ਸਿੰਘ ਢੀਂਡਸਾ, ਥਾਣਾ ਮੁਖੀ ਮਲੌਦ ਹਰਦੀਪ ਸਿੰਘ ਚੀਮਾ, ਸਤਵਿੰਦਰ ਸਿੰਘ ਤੇ ਨਛੱਤਰ ਸਿੰਘ ਸਮੇਤ ਹੋਰ ਪੁਲੀਸ ਅਧਿਕਾਰੀਆਂ ਦੀ ਅਗਵਾਈ ਵਿੱਚ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।
ਪੁਲੀਸ ਨੇ ਇਸੇ ਮਾਮਲੇ ਵਿੱਚ ਤਿੰਨ ਹੋਰ ਮੁਲਜ਼ਮਾਂ ਅਮਨਿੰਦਰ ਸਿੰਘ ਮਿੰਦੂ ਵਾਸੀ ਸਲਾਣਾ ਦੁਲਾ ਸਿੰਘ ਵਾਲਾ, ਮਨਪ੍ਰੀਤ ਸਿੰਘ ਮਨੀ ਵਾਸੀ ਗੰਢੂਆਂ ਤੇ ਰਾਵਪਾਲ ਸਿੰਘ ਭੂੰਡਾਂ ਵਾਸੀ ਪਾਇਲ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਤਿੰਨਾਂ ਨੂੰ ਮੁੜ 22 ਦਸੰਬਰ ਤੱਕ ਜੇਲ੍ਹ ਭੇਜ ਦਿੱਤਾ ਹੈ।