ਚੰਡੀਗੜ੍ਹ, 12 ਜੁਲਾਈ
ਪੰਜਾਬ ਦੇ ਡੀਜੀਪੀ ਨੇ ਫ਼ਰਜ਼ੀ ਡਿਗਰੀ ਮਾਮਲੇ ਕਰਕੇ ਸੁਰਖੀਆਂ ’ਚ ਆਈ ਭਾਰਤ ਦੀ ਮਹਿਲਾ ਟੀ-20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਉਹਦੀ ਗਰੈਜੂਏਸ਼ਨ ਦੀ ਡਿਗਰੀ ਪੂਰੀ ਕਰਨ ਲਈ ਤਿੰਨ ਸਾਲ ਦਾ ਵਿਸ਼ੇਸ਼ ਮੌਕਾ ਦੇਣ ਦੀ ਸਿਫਾਰਿਸ਼ ਕੀਤੀ ਹੈ। ਇਹ ਡਿਗਰੀ ਮਿਲਣ ਮਗਰੋਂ ਹਰਮਨਪ੍ਰੀਤ ਕੌਰ ਨੂੰ ਡੀਐਸਪੀ ਦੇ ਅਹੁਦੇ ਲਈ ਯੋਗ ਸਮਝਿਆ ਜਾਵੇਗਾ। ਵਿਸ਼ੇਸ਼ ਛੋਟ ਸਬੰਧੀ ਇਸ ਕੇਸ ਨੂੰ ਹੁਣ ਪ੍ਰਵਾਨਗੀ ਲਈ ਪੰਜਾਬ ਕੈਬਨਿਟ ਕੋਲ ਭੇਜਿਆ ਜਾਵੇਗਾ। ਸਿਫ਼ਾਰਿਸ਼ ’ਚ ਕਿਹਾ ਗਿਆ ਹੈ ਕਿ ਹਰਮਨਪ੍ਰੀਤ ਨੂੰ ਭਾਵੇਂ ਤਿੰਨ ਸਾਲ ਲਈ ਤਨਖਾਹ ਨਾ ਦਿੱਤੀ ਜਾਵੇ, ਪਰ ਉਹਦੇ ਰੈਂਕ ਦਾ ਬਚਾਅ ਕੀਤਾ ਜਾਵੇ।
ਯਾਦ ਰਹੇ ਕਿ ਹਰਮਨਪ੍ਰੀਤ ਕੌਰ ਦੀ ਮੇਰਠ ਯੂਨੀਵਰਸਿਟੀ ਵੱਲੋਂ ਜਾਰੀ ਗਰੈਜੂਏਟ ਡਿਗਰੀ ਫ਼ਰਜ਼ੀ ਨਿਕਲਣ ਮਗਰੋਂ ਇਸ ਖਿਡਾਰਨ ਉੱਤੇ ਡਿਮੋਟ ਕਰਕੇ ਕਾਂਸਟੇਬਲ ਬਣਾਏ ਜਾਣ ਦੀ ਤਲਵਾਰ ਲਟਕ ਗਈ ਸੀ। ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਇਹ ਕ੍ਰਿਕਟਰ ਇਸ ਤੋਂ ਪਹਿਲਾਂ ਭਾਰਤੀ ਰੇਲਵੇ ਵਿੱਚ ਸੁਪਰਡੈਂਟ ਦੇ ਅਹੁਦੇ ’ਤੇ ਤਾਇਨਾਤ ਸੀ। ਪਿਛਲੇ ਸਾਲ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਵਿਖਾਈ ਉਮਦਾ ਖੇਡ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਡੀਐਸਪੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ। ਕ੍ਰਿਕਟਰ ਨੇ ਇਸ ਪੇਸ਼ਕਸ਼ ਨੂੰ ਸਵੀਕਾਰ ਕਰਦਿਆਂ ਮਾਰਚ ਵਿੱਚ ਡੀਐਸਪੀ ਵਜੋਂ ਜੁਆਇਨ ਕਰ ਲਿਆ ਸੀ।
ਪੁਲੀਸ ਸੂਤਰਾਂ ਮੁਤਾਬਕ ਸਰਕਾਰ ਨੇ ਇਸ ਫਰਜ਼ੀ ਡਿਗਰੀ ਮਾਮਲੇ ’ਚ ਡੀਜੀਪੀ ਸੁਰੇਸ਼ ਅਰੋੜਾ ਤੋਂ ਉਨ੍ਹਾਂ ਦੀ ਰਾਇ ਮੰਗੀ ਸੀ। ਪਤਾ ਲੱਗਾ ਹੈ ਕਿ ਡੀਜੀਪੀ ਨੇ ਹਰਮਨਪ੍ਰੀਤ ਦੇ ਕੇਸ ਨੂੰ ਵਿਸ਼ੇਸ਼ ਕੇਸ ਵਜੋਂ ਵਿਚਾਰਨ ਲਈ ਕਿਹਾ ਹੈ। ਪੁਲੀਸ ਦਾ ਇਕ ਵਿਚਾਰ ਇਹ ਵੀ ਹੈ ਕਿ ਖਿਡਾਰਨ ਨੂੰ ਆਨਰੇਰੀ ਰੈਂਕ ਦਿੱਤਾ ਜਾ ਸਕਦਾ ਹੈ, ਪਰ ਪੁਲੀਸ ਵਿੱਚ ਅਜਿਹੇ ਰੈਂਕ ਦੀ ਕੋਈ ਵਿਵਸਥਾ ਨਹੀਂ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਕਿਸੇ ਨੂੰ ਵੀ ਵਿਸ਼ੇਸ਼ ਛੋਟ ਦੇਣ ਦਾ ਕੋਈ ਨੇਮ ਨਹੀਂ ਹੈ, ਲਿਹਾਜ਼ਾ ਜਨਤਕ ਹਿੱਤਾਂ ਦੇ ਮੱਦੇਨਜ਼ਰ ਹਰਮਨਪ੍ਰੀਤ ਦੇ ਕੇਸ ਨੂੰ ਪ੍ਰਵਾਨਗੀ ਲਈ ਕੈਬਨਿਟ ਵਿੱਚ ਰੱਖਿਆ ਜਾਵੇਗਾ। ਅਧਿਕਾਰੀ ਨੇ ਕਿਹਾ, ‘ਉਹ ਹੋਰਨਾਂ ਕਈ ਖਿਡਾਰੀਆਂ ਵਾਂਗ ਇਕ ਪੀੜਤ ਹੈ। ਇਥੇ ਜ਼ਰੂਰੀ ਇਹ ਹੈ ਕਿ ਉਸ ਨੂੰ ਇਕ ਮੌਕਾ ਦਿੱਤਾ ਜਾਵੇ ਤੇ ਅਜਿਹੀ ਕੋਈ ਕਾਰਵਾਈ ਨਾ ਕੀਤੀ ਜਾਵੇ, ਜਿਸ ਨਾਲ ਉਹਦਾ ਧਿਆਨ ਖੇਡ ਤੋਂ ਲਾਂਭੇ ਹੋਵੇ। ਮੇਰਾ ਮੰਨਣਾ ਹੈ ਕਿ ਉਹ ਗਰੈਜੂਏਸ਼ਨ ਲਈ ਦਾਖਲਾ ਲੈ ਚੁੱਕੀ ਹੈ ਜਾਂ ਲੈਣ ਵਾਲੀ ਹੈ।’ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਮਗਰੋਂ ਅੱਜ ਵਿਰੋਧੀ ਧਿਰ ਦੇ ਆਗੂ ਸੁਖਪਾਲ ਖੈਰਾ ਨੇ ਵੀ ਹਰਮਨਪ੍ਰੀਤ ਕੌਰ ਦਾ ਰੈਂਕ ਸੁਰੱਖਿਅਤ ਰੱਖੇ ਜਾਣ ਦੀ ਵਕਾਲਤ ਕੀਤੀ। ਸ੍ਰੀ ਖਹਿਰਾ ਨੇ ਕਿਹਾ ਕਿ ਜੇਕਰ ਮਰਹੂਮ ਮੁੱਖ ਮੰਤਰੀ ਦੇ ਪੋਤਰੇ ਨੂੰ ਤਾਮਿਲ ਨਾਡੂ ਤੋਂ ਲਈ ਵਿਵਾਦਿਤ ਡਿਗਰੀ ਦੇ ਅਧਾਰ ’ਤੇ ਡੀਐਸਪੀ ਲਾਇਆ ਜਾ ਸਕਦਾ ਹੈ ਤਾਂ ਇਸ ਕ੍ਰਿਕਟਰ ਨੂੰ ਰਾਹਤ ਕਿਉਂ ਨਹੀਂ ਦਿੱਤੀ ਜਾ ਸਕਦੀ।