ਸੂਬੇ ਦੇ ਬਦਲੇ ਸਿਆਸੀ ਮਾਹੌਲ ਤੇ ਅਰੋੜਾ ਦੀ ਸੇਵਾਮੁਕਤੀ ਨੇੜੇ ਹੋਣ ਕਾਰਨ ਮੀਟਿੰਗ ਨੂੰ ਮੰਨਿਆ ਜਾ ਰਿਹਾ ਹੈ ਅਹਿਮ
ਚੰਡੀਗੜ੍ਹ, ਪੰਜਾਬ ਪੁਲੀਸ ਦੇ ਮੁਖੀ ਸੁਰੇਸ਼ ਅਰੋੜਾ ਦੀ ਅੱਜ ਚੰਡੀਗੜ੍ਹ ਵਿੱਚ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਹੋਈ ਗੁਪਤ ਮੀਟਿੰਗ ਨੇ ਸਿਆਸੀ ਤੇ ਪ੍ਰਸ਼ਾਸਕੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਪੁਲੀਸ ਦੇ ਮੁਖੀ ਅੱਜ ਸਵੇਰੇ ਸਾਢੇ ਕੁ ਗਿਆਰਾਂ ਵਜੇ ਡੇਰਾ ਮੁਖੀ ਦੀ ਸੈਕਟਰ 8 ਵਿਚਲੀ ਨਿੱਜੀ ਰਿਹਾਇਸ਼ ’ਤੇ ਅਚਾਨਕ ਹੀ ਪਹੁੰਚੇ ਤੇ ਡੇਰਾ ਮੁਖੀ ਨਾਲ ਤਕਰੀਬਨ ਅੱਧਾ ਘੰਟਾ ਗੁਫ਼ਤਗੂ ਕੀਤੀ। ਬਾਬਾ ਗੁਰਿੰਦਰ ਸਿੰਘ ਵੀ ਅੱਜ ਸਵੇਰੇ ਹੀ ਚੰਡੀਗੜ੍ਹ ਪਹੁੰਚੇ ਸਨ। ਪੰਜਾਬ ਦੇ ਬਦਲੇ ਹੋਏ ਸਿਆਸੀ ਮਾਹੌਲ ਅਤੇ ਸ੍ਰੀ ਅਰੋੜਾ ਦੀ ਸੇਵਾਮੁਕਤੀ ਨਜ਼ਦੀਕ ਹੋਣ ਕਾਰਨ ਪੁਲੀਸ ਮੁਖੀ ਦੀ ਡੇਰਾ ਮੁਖੀ ਨਾਲ ਮੀਟਿੰਗ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਪੰਜਾਬ ਵਿੱਚ ਚੋਣਾਂ ਦੌਰਾਨ ਇਸ ਡੇਰੇ ਸਮੇਤ ਹੋਰ ਕਈ ਡੇਰੇ ਅਕਸਰ ਚਰਚਾ ਵਿੱਚ ਰਹਿੰਦੇ ਹਨ। ਪੰਜਾਬ ਦੇ ਹੀ ਨਹੀਂ ਕੌਮੀ ਪੱਧਰ ਦੇ ਸਿਆਸਤਦਾਨਾਂ ਵੱਲੋਂ ਵੀ ਡੇਰਾ ਬਿਆਸ ਵਿੱਚ ਹਾਜ਼ਰੀ ਲਗਾ ਕੇ ਅਕਸਰ ‘ਮਦਦ’ ਦੀ ਉਮੀਦ ਕੀਤੀ ਜਾਂਦੀ ਹੈ। ਪੰਜਾਬ ਦੇ ਕਈ ਵੱਡੇ ਸਿਆਸਤਦਾਨਾਂ ਦੇ ਡੇਰਾ ਮੁਖੀ ਨਾਲ ਸਬੰਧ ਸੁਖਾਵੇਂ ਮੰਨੇ ਜਾਂਦੇ ਹਨ। ਇਸੇ ਤਰ੍ਹਾਂ ਸ੍ਰੀ ਅਰੋੜਾ ਵੀ ਅਕਾਲੀ ਦਲ ਅਤੇ ਕਾਂਗਰਸ ਦੋਹਾਂ ਪਾਰਟੀਆਂ ਨਾਲ ਸਬੰਧਤ ਪ੍ਰਮੁੱਖ ਆਗੂਆਂ ਦੇ ਕਰੀਬੀ ਮੰਨੇ ਜਾਂਦੇ ਹਨ। ਪੰਜਾਬ ਦਾ ਇਹ ਡੇਰਾ ਵੱਡੇ ਆਧਾਰ ਵਾਲਾ ਹੈ ਤੇ ਇਸ ਦੇ ਸ਼ਰਧਾਲੂਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਸਰਕਾਰਾਂ ਵੱਲੋਂ ਅਕਸਰ ਡੇਰੇ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਹਨ। ਸੂਬੇ ਦੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਡੇਰੇ ਦੀਆਂ ਸ਼ਾਖਾਵਾਂ ਖੁੱਲ੍ਹੀਆਂ ਹੋਈਆਂ ਹਨ ਅਤੇ ਪੰਜਾਬ ਤੋਂ ਬਾਹਰ ਵੀ ਆਧਾਰ ਹੈ। ਡੇਰੇ ਵਿੱਚ ਪੰਜਾਬ ਸਰਕਾਰ ਵਿੱਚੋਂ ਸੇਵਾਮੁਕਤ ਹੋਏ ਕਈ ਆਈਏਐਸ ਅਤੇ ਆਈਪੀਐਸ ਅਫ਼ਸਰਾਂ ਵੱਲੋਂ ਪ੍ਰਬੰਧਕੀ ਕੰਮਾਂ ਵਿੱਚ ਸੇਵਾ ਨਿਭਾਈ ਜਾ ਰਹੀ ਹੈ। ਅਫ਼ਸਰਸ਼ਾਹੀ ਵੱਲੋਂ ਇਸ ਨੂੰ ਸੇਵਾਮੁਕਤੀ ਤੋਂ ਬਾਅਦ ਦੇ ਬੰਦੋਬਸਤ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਸ੍ਰੀ ਅਰੋੜਾ ਨਾਲ ਇਸ ਬਾਬਤ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਪਰ ਉਨ੍ਹਾਂ ਦਾ ਫੋਨ ਨਹੀਂ ਮਿਲਿਆ। ਪੰਜਾਬ ਇੰਟੈਲੀਜੈਂਸ ਵਿੰਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੁਰੇਸ਼ ਅਰੋੜਾ ਦੀ ਡੇਰਾ ਮੁਖੀ ਨਾਲ ਮਿਲਣੀ ਸੁਰੱਖਿਆ ਪੱਖ ਤੋਂ ਹੀ ਸੀ। ਇਸ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਪੰਜਾਬ ਪੁਲੀਸ ਦੇ ਅਧਿਕਾਰੀਆਂ ਵੱਲੋਂ ਸੁਰੱਖਿਆ ਬੰਦੋਬਸਤ ਨੂੰ ਲੈ ਕੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਅਕਸਰ ਹੀ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ। ਮੁੱਖ ਮੰਤਰੀ ਦਫ਼ਤਰ ਅਤੇ ਰਾਜ ਸਰਕਾਰ ਦੇ ਅਧਿਕਾਰੀਆਂ ਨੇ ਟਿੱਪਣੀ ਕਰਨ ਤੋਂ ਨਾਂਹ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਸ ਮੀਟਿੰਗ ਬਾਰੇ ਕੋਈ ਜਾਣਕਾਰੀ ਨਹੀਂ ਸੀ।