ਪਟਿਆਲਾ, 18 ਸਤੰਬਰ
ਆਮ ਆਦਮੀ ਪਾਰਟੀ ਦੇ ਬਾਗ਼ੀ ਐਮਪੀ ਡਾ. ਧਰਮਵੀਰ ਗਾਂਧੀ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਸਰਗਰਮ ਭੂਮਿਕਾ ਨਿਭਾਉਣਗੇ ਅਤੇ ਪਟਿਆਲਾ ਤੋਂ ਐਮਪੀ ਦੀ ਚੋਣ ਵੀ ਲੜਨਗੇ। ਇਹ ਦਾਅਵਾ ‘ਆਪ’ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀ ਗਾਂਧੀ ਕੁਝ ਕੁ ਸ਼ਰਤਾਂ ਤਹਿਤ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਉਧਰ ਡਾ. ਗਾਂਧੀ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਸ਼ਰਤਾਂ ਮੰਨ ਲਈਆਂ ਜਾਂਦੀਆਂ ਹਨ ਤਾਂ ਉਹ ਪਾਰਟੀ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ, ਪਰ ਉਹ ਪੰਜਾਬ ਵਿੱਚ ਕਾਂਗਰਸ ਨਾਲ ਸਮਝੌਤਾ ਕਰਨ ਦੇ ਖ਼ਿਲਾਫ਼ ਹਨ। ਇਸ ਦੌਰਾਨ ਡਾ. ਗਾਂਧੀ ਨੇ ਸੁਖਪਾਲ ਸਿੰਘ ਖਹਿਰਾ ਵੱਲੋਂ ਪੰਜਾਬ ਲਈ ਮੰਗੀ ਜਾ ਰਹੀ ਖ਼ੁਦਮੁਖ਼ਤਾਰੀ ਨੂੰ ਮਾਮੂਲੀ ਦੱਸਦਿਆਂ ਕਿਹਾ ਕਿ ਉਹ ਸਿਰਫ਼ ਪੰਜਾਬ ਲਈ ਨਹੀਂ ਸਗੋਂ ਭਾਰਤ ਦੇ ਸਾਰੇ ਰਾਜਾਂ ਲਈ ਖ਼ੁਦਮੁਖ਼ਤਾਰੀ ਮੰਗ ਰਹੇ ਹਨ।
ਜਾਣਕਾਰੀ ਅਨੁਸਾਰ ‘ਆਪ’ ਆਗੂ ਸੰਜੇ ਸਿੰਘ ਨੇ ਬੀਤੀ ਰਾਤ ਡਾ. ਧਰਮਵੀਰ ਗਾਂਧੀ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਲਗਪਗ ਡੇਢ ਘੰਟਾ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਮੁਲਕ ਦੇ ਸਿਆਸੀ ਮਸਲਿਆਂ ਸਮੇਤ ਪੰਜਾਬ ਵਿੱਚ ‘ਆਪ’ ਦੀ ਮਾੜੀ ਹਾਲਤ ਬਾਰੇ ਗੱਲਬਾਤ ਕੀਤੀ। ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਸੰਜੇ ਸਿੰਘ ਨੇ ਡਾ. ਗਾਂਧੀ ਨੂੰ ਕਿਹਾ ਕਿ ਉਹ ਪਾਰਟੀ ਵਿੱਚ ਆਉਣ ਤੇ ਆਪਣੀਆਂ ਸ਼ਰਤਾਂ ਕੁਝ ਨਰਮ ਕਰਦੇ ਹੋਏ ਪਾਰਟੀ ਦੀ ਭਲਾਈ ਲਈ ਕੰਮ ਕਰਨ। ਉਨ੍ਹਾਂ ਡਾ. ਗਾਂਧੀ ਨੂੰ ਪਟਿਆਲਾ ਸੰਸਦੀ ਸੀਟ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਨ ਲਈ ਵੀ ਬੇਨਤੀ ਕੀਤੀ। ਡਾ. ਗਾਂਧੀ ਨੇ ਸੰਜੇ ਸਿੰਘ ਨਾਲ ਮੀਟਿੰਗ ਦੀ ਪੁਸ਼ਟੀ ਕਰਦਿਆਂ ਕਿਹਾ ਕਿ ‘ਆਪ’ ਆਗੂ ਨੇ ਉਨ੍ਹਾਂ ਨੂੰ ਆਪਣੀਆਂ ਕੁਝ ਸ਼ਰਤਾਂ ਨਰਮ ਕਰਕੇ ਪਾਰਟੀ ਵਿੱਚ ਧੜੱਲੇ ਨਾਲ ਕੰਮ ਕਰਨ ਲਈ ਕਿਹਾ ਹੈ। ਡਾ. ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਸਿਰਫ਼ ਏਨੀ ਹੈ ਕਿ ਸਾਰੇ ਰਾਜਾਂ ਦੀ ਮੌਲਿਕਤਾ ਨੂੰ ਵਧਣ ਫੁੱਲਣ ਦਾ ਮੌਕਾ ਦਿੱਤਾ ਜਾਵੇ। ਇਸ ਬਾਰੇ ਸੰਜੇ ਸਿੰਘ ਨੇ ਵੀ ਹਾਮੀ ਭਰੀ ਹੈ, ਪਰ ਉਨ੍ਹਾਂ ਮੀਟਿੰਗ ਵਿੱਚ ਹੋਈ ਗੱਲਬਾਤ ਬਾਰੇ ਕੋਈ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।