ਸ੍ਰੀ ਆਨੰਦਪੁਰ ਸਾਹਿਬ, 2 ਜੁਲਾਈ
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮਾਤਾ ਨਾਨਕੀ ਨਿਵਾਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਬੈਠਕ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਸਮੂਹ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਲੋਕਾਂ ਨੂੰ ਡਾ. ਚੀਮਾ ਬਾਰੇ ਮਨਘੜਤ ਬਿਆਨਬਾਜ਼ੀ ਕਰਕੇ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਡਾ. ਚੀਮਾ ਖ਼ਿਲਾਫ਼ ਚੋਣ ਲੜਨ ਵਾਲੇ ਕਾਂਗਰਸੀ ਉਮੀਦਵਾਰ ਬਰਿੰਦਰ ਢਿੱਲੋਂ ਨੇ ਵੀ ਕਦੇ ਉਨ੍ਹਾਂ ਦੇ ਅਕਸ ’ਤੇ ਕਦੇ ਕੋਈ ਚਿੱਕੜ ਨਹੀਂ ਸੁੱਟਿਆ ਪਰ ਸੰਦੋਆ ਵੱਲੋਂ ਡਾ. ਚੀਮਾ ਦਾ ਨਾਮ ਉਛਾਲਣ ਦੀ ਜੋ ਹਰਕਤ ਕੀਤੀ ਗਈ ਹੈ ਬਰਦਾਸ਼ਤਯੋਗ ਨਹੀਂ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ, ਠੇਕੇਦਾਰ ਗੁਰਨਾਮ ਸਿੰਘ, ਜਰਨੈਲ ਸਿੰਘ ਸੂਰੇਵਾਲ, ਸੁਰਿੰਦਰ ਸਿੰਘ ਮਟੌਰ, ਗੁਰਬਚਨ ਸਿੰਘ ਲੋਧੀਪੁਰ ਤੇ ਹੋਰ ਹਾਜ਼ਰ ਸਨ।
ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦੱਲ ਪੰਜਾਬ ਦੇ ਬੀ.ਸੀ ਵਿੰਗ ਦੇ ਜਨਰਲ ਸਕੱਤਰ ਠੇਕੇਦਾਰ ਗੁਰਨਾਮ ਸਿੰਘ ਦੇ ਗ੍ਰਹਿ ਵਿੱਚ ਅਕਾਲੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਹੋਈ। ਇਸ ਵਿੱਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਕੌਂਸਲਰ ਜਥੇ. ਰਾਮ ਸਿੰਘ, ਅਕਾਲੀ ਦਲ ਦਿਹਾਤੀ ਦੇ ਸਰਕਲ ਪ੍ਰਧਾਨ ਮਨਜੀਤ ਸਿੰਘ ਬਾਸੋਵਾਲ, ਸੁਰਿੰਦਰ ਸਿੰਘ ਮਟੌਰ, ਜਗਜੀਤ ਸਿੰਘ ਸੋਢੀ, ਹਰਜੀਤ ਸਿੰਘ, ਰਣਜੀਤ ਸਿੰਘ, ਮਨਿੰਦਰਜੀਤ ਸਿੰਘ ਆਦਿ ਨੇ ਕਿਹਾ ਕਿ ਸੰਦੋਆ ਵਲੋਂ ਆਪਣੇ ਨਿੱਜੀ ਮੁਫਾਦਾਂ ਲਈ ਡਾ. ਚੀਮਾ ’ਤੇ ਝੂਠੇ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਸੰਦੋਆ ਵਲੋਂ ਮਾਈਨਿੰਗ ਵਾਲੀ ਥਾਂ ਤੇ ਖੁੱਦ ਜਾ ਕੇ ਤੇ ਲੜਾਈ ਝਗੜਾ ਕਰਨਾ ਗਲਤ ਹੈ। ਆਗੂਆਂ ਨੇ ਸੰਦੋਆ ਨੂੰ ਕਿਹਾ ਕਿ ਉਹ ਡਾ. ਚੀਮਾ ਖ਼ਿਲਾਫ਼ ਦੋਸ਼ ਲਗਾਉਣ ਤੋਂ ਪਹਿਲਾਂ ਆਪਣੀ ਪੀੜੀ ਹੇਠ ਸੋਟੀ ਫੇਰਨ।