ਅੰਮ੍ਰਿਤਸਰ,ਸਿੰਘਾਣੀਆ ਹਸਪਤਾਲ ਦੇ ਡਾਕਟਰ ਅਤੇ ਉਸ ਦੀ ਪਤਨੀ ਨੂੰ ਬੰਦੀ ਬਣਾ ਕੇ ਲੁੱਟਣ ਦੇ ਮਾਮਲੇ ਵਿੱਚ ਅੱਜ ਪੁਲੀਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਾਜ਼ਮਾਂ ਦੀ ਸ਼ਨਾਖ਼ਤ ਗੋਬਿੰਦ ਸ਼ੇਰਗਿੱਲ ਵਾਸੀ ਸ਼ਹੀਦ ਊਧਮ ਸਿੰਘ ਨਗਰ ਅਤੇ ਉਸ ਦੀ ਭੈਣ ਨਵਜੋਤ ਕੌਰ ਉਰਫ ਜੋਤੀ ਵਜੋਂ ਹੋਈ ਹੈ। ਜੋਤੀ ਇੱਥੇ ਹਸਪਤਾਲ ਵਿੱਚ ਪਿਛਲੇ ਛੇ ਸਾਲਾਂ ਤੋਂ ਕੰਮ ਕਰ ਰਹੀ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਜੋਤੀ ਦੇ ਰਿਸ਼ਤੇਦਾਰ ਸੋਨੂੰ ਅਤੇ ਚੱਬਾ ਨੂੰ ਵੀ ਨਾਮਜ਼ਦ ਕੀਤਾ ਹੈ, ਜੋ ਅਜੇ ਫ਼ਰਾਰ ਹਨ।
ਪੁਲੀਸ ਕਮਿਸ਼ਨਰ ਐੱਸ. ਸ੍ਰੀਵਾਸਤਵ ਨੇ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਲੁੱਟ ਦੀ ਘਟਨਾ ਪਿੱਛੇ ਕਿਸੇ ਭੇਤੀ ਦੀ ਮਿਲੀਭੁਗਤ ਹੈ। ਜਾਂਚ ਦੌਰਾਨ ਪੁਲੀਸ ਨੂੰ ਚੌਕੀਦਾਰ ਤੋਂ ਪਤਾ ਲੱਗਾ ਸੀ ਕਿ ਦੋ ਦਿਨ ਪਹਿਲਾਂ ਵੀ ਤਿੰਨ ਵਿਅਕਤੀ ਮੂੰਹ ਢਕ ਕੇ ਹਸਪਤਾਲ ਦੇ ਕੈਂਪਸ ਵਿੱਚ ਆਏ ਸਨ। ਪੁਲੀਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਪ੍ਰਾਪਤ ਕੀਤੀ ਤੇ ਇਸ ਰਾਹੀਂ ਲੁਟੇਰਿਆਂ ਦੀ ਸ਼ਨਾਖ਼ਤ ਸ਼ੁਰੂ ਕੀਤੀ। ਇਨ੍ਹਾਂ ਵਿੱਚੋਂ ਇਕ ਦੀ ਸ਼ਨਾਖ਼ਤ ਹੋਣ ਮਗਰੋਂ ਪੁਲੀਸ ਨੇ ਨਵਜੋਤ ਕੌਰ ਕੋਲੋਂ ਪੁੱਛਗਿੱਛ ਕੀਤੀ। ਉਨ੍ਹਾਂ ਨੇ ਦੱਸਿਆ ਕਿ ਲੁਟੇਰਿਆਂ ਨੇ ਡਾਕਟਰ ਜੋੜੇ ਨੂੰ ਬੰਦੀ ਬਣਾਉਣ ਮਗਰੋਂ ਇਕ ਲੱਖ ਰੁਪਏ ਨਕਦੀ ਅਤੇ 20 ਲੱਖ ਰੁਪਏ ਮੁੱਲ ਦੇ ਸੋਨੇ ਤੇ ਹੀਰਿਆਂ ਦੇ ਜ਼ੇਵਰਾਤ ਮੌਕੇ ਤੋਂ ਲੁੱਟੇ ਸਨ। ਵਧੀਕ ਡਿਪਟੀ ਕਮਿਸ਼ਨਰ ਜੇ ਐੱਸ ਵਾਲੀਆ ਨੇ ਦੱਸਿਆ ਕਿ ਲੁਟੇਰੇ ਇਕ ਰਾਤ ਪਹਿਲਾਂ ਲਗਪਗ 11 ਵਜੇ ਹਸਪਤਾਲ ਵਿੱਚ ਦਾਖ਼ਲ ਹੋਏ ਸਨ। ਹਸਪਤਾਲ ਵਿੱਚ ਕੰਮ ਕਰਦੀ ਨਵਜੋਤ ਨੇ ਉਨ੍ਹਾਂ ਨੂੰ ਹਸਪਤਾਲ ਦੇ ਕਮਰਾ ਨੰਬਰ 15 ਵਿੱਚ ਲੁਕਣ ਵਿੱਚ ਮਦਦ ਕੀਤੀ ਸੀ। ਉਸ ਨੇ ਹੀ ਡਾਕਟਰ ਜੋੜੇ ਦੇ ਘਰ ਦੇ ਦਰਵਾਜ਼ੇ ਬਾਰੇ ਵੀ ਜਾਣਕਾਰੀ ਦਿੱਤੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਵੀ ਉਹ ਇੱਥੇ ਹੀ ਲੁਕੇ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਨਾਮਜ਼ਦ ਦੋ ਹੋਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।